ਅੰਮ੍ਰਿਤਸਰ: ਅੰਮ੍ਰਿਤਸਰ ਪੂਰਬੀ ਹਲਕੇ ਵਿਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਵੱਡਾ ਝਟਕਾ ਲੱਗਾ ,ਜਦੋਂ ਉਹਨਾਂ ਦੇ ਕਰੀਬੀ ਸਾਥੀ ਤੇ ਦੋ ਵਾਰ ਐਮ ਸੀ ਰਹੇ ਅਜੀਤ ਸਿੰਘ ਪਰਿਵਾਰ ਸਮੇਤ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਵਾਰਡ ਨੰਬਰ 45 ਵਿਚ ਬਿਕਰਮ ਸਿੰਘ ਮਜੀਠੀਆ ਨੇ ਸਾਬਕਾ ਕੌਂਸਲਰ ਅਜੀਤ ਸਿੰਘ ਤੇ ਉਹਨਾਂ ਦੀ ਪਤਨੀ ਹਰਜੀਤ ਕੌਰ ਤੇ ਸਮਰਥਕਾਂ ਨੁੰ ਅਕਾਲੀ ਦਲ ਵਿਚ ਸ਼ਾਮਲ ਕੀਤਾ ਤੇ ਸਿਰੋਪਾਓ ਪਾ ਦੇ ਕੇ ਸਨਮਾਨਤ ਕੀਤਾ।
ਬਿਕਰਮ ਸਿੰਘ ਮਜੀਠੀਆ ਨੇ ਉਹਨਾਂ ਨੁੰ ਭਰੋਸਾ ਦੁਆਇਆ ਕਿ ਪਾਰਟੀ ਵਿਚ ਉਹਨਾਂ ਨੁੰ ਪੂਰਾ ਮਾਣ ਸਤਿਕਾਰ ਮਿਲੇਗਾ। ਇਸ ਮੌਕੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਿਸ ਤਰੀਕੇ ਲੋਕ ਆਪ ਮੁਹਾਰੇ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ, ਉਸ ਤੋਂ ਸਪਸ਼ਟ ਹੈ ਕਿ ਨਵਜੋਤ ਸਿੱਧੂ ਦਾ ਹੰਕਾਰ ਤੋੜਨ ਲਈ ਹਲਕੇ ਦੇ ਲੋਕ ਇਕਜੁੱਟ ਹੋ ਗਏ ਹਨ।
ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਅੱਜ ਹਲਕੇ ਦੀਆਂ ਵੱਖ ਵੱਖ ਕਲੌਨੀਆਂ ਵਿਚ ਡੋਰ ਟੂ ਡੋਰ ਪ੍ਰਚਾਰ ਕੀਤਾ। ਉਹਨਾਂ ਨੇ ਵਾਰਡ ਨੰਬਰ 44 ਵਿਚ ਪੈਂਦੇ ਇਲਾਕਿਆਂ ਨਿਊ ਆਜ਼ਾਦ ਨਗਰ, ਨਿਊ ਪ੍ਰਤਾਪ ਨਗਰ, ਉੱਤਮ ਅਵੈਨਿਊ, ਸੰਤ ਅਵੈਨਿਊ, ਪ੍ਰਤਾਪ ਅਵੈਨਿਊ, ਵਾਰਡ ਨੰਬਰ 45 ਵਿਚ ਆਜ਼ਾਦ ਨਗਰ, ਸੁਦਰਸ਼ਨ ਨਗਰ ਤੇ ਨਿਊ ਆਜ਼ਾਦ ਨਗਰ ਅਤੇ ਵਾਰਡ ਨੰਬਰ 43 ਵਿਚ ਕਪੂਰ ਨਗਰ, ਗੋਵਿੰਦ ਨਗਰ, ਉੱਤਮ ਅਵੈਨਿਊ ਤੇ ਈਸਟ ਗੋਵਿੰਦ ਨਗਰ ਵਿਚ ਡੋਰ ਟੂ ਡੋਰ ਪ੍ਰਚਾਰ ਕੀਤਾ।
ਇਸ ਦੌਰਾਨ ਲੋਕਾਂ ਨੇ ਊਹਨਾਂ ਦਾ ਨਿੱਘਾ ਸਵਾਗਤ ਕੀਤਾ ਤੇ ਥਾਂ ਥਾਂ 'ਤੇ ਉਹਨਾਂ ਦੇ ਹਾਰ ਅਤੇ ਸਿਰੋਪਾਓ ਪਾ ਕੇ ਸਨਮਾਨਤ ਕੀਤਾ। ਇਸ ਮੌਕੇ ਲੋਕਾਂ ਨੇ ਮਜੀਠੀਆ ਜ਼ਿੰਦਾਬਾਦ, ਅਕਾਲੀ ਦਲ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ। ਮਜੀਠੀਆ ਨੇ ਲੋਕਾਂ ਵੱਲੋਂ ਗਰਮਜੋਸ਼ੀ ਨਾਲ ਉਹਨਾਂ ਦਾ ਸਵਾਗਤ ਕਰਨ ਤੇ ਹਮਾਇਤ ਦੇਣ ਲਈ ਦਿਲੋਂ ਧੰਨਵਾਦ ਕੀਤਾ ਤੇ ਭਰੋਸਾ ਦੁਆਇਆ ਕਿ ਅਕਾਲੀ ਦਲ ਤੇ ਬਸਪਾ ਸਰਕਾਰ ਆਉਣ 'ਤੇ ਹਲਕੇ ਦੀ ਨੁਹਾਰ ਬਦਲਣ ਵਾਸਤੇ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।