Gujarat Election 2022 Voting : ਗੁਜਰਾਤ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਖ਼ਤਮ ਹੋ ਗਿਆ ਹੈ ਅਤੇ ਹੁਣ ਪਹਿਲੇ ਪੜਾਅ ਦੀ ਵੋਟਿੰਗ ਹੋਣ ਜਾ ਰਹੀ ਹੈ। ਕੁਝ ਹੀ ਦੇਰ ਬਾਅਦ ਗੁਜਰਾਤ ਦੀਆਂ 89 ਸੀਟਾਂ 'ਤੇ ਵੋਟਾਂ ਪੈਣਗੀਆਂ। ਪਹਿਲੇ ਪੜਾਅ ਤੋਂ ਬਾਅਦ ਦੂਜੇ ਪੜਾਅ ਲਈ 5 ਦਸੰਬਰ ਨੂੰ ਵੋਟਿੰਗ ਹੋਵੇਗੀ। ਇਸ ਵਾਰ ਗੁਜਰਾਤ ਦੇ ਚੋਣ ਮੈਦਾਨ ਵਿੱਚ ਕਈ ਦਿੱਗਜ ਉਤਰੇ ਹਨ, ਜਿਨ੍ਹਾਂ ਵਿੱਚ ਭਾਰਤੀ ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਜਡੇਜਾ ਵੀ ਸ਼ਾਮਲ ਹੈ। ਜਿਸ ਨੂੰ ਭਾਜਪਾ ਨੇ ਜਾਮਨਗਰ ਉੱਤਰੀ ਸੀਟ ਤੋਂ ਟਿਕਟ ਦਿੱਤੀ ਹੈ। 


 

ਰਿਵਾਬਾ ਨੇ ਵੋਟਿੰਗ ਤੋਂ ਠੀਕ ਪਹਿਲਾਂ ਗੁਜਰਾਤ ਦੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ 'ਚ ਆਪਣੀ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ। ਵੋਟਿੰਗ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਰਿਵਾਬਾ ਜਡੇਜਾ ਨੇ ਕਿਹਾ, "ਅੱਜ ਦਾ ਦਿਨ ਬਹੁਤ ਅਹਿਮ ਹੈ। ਸਾਰੇ ਭਾਜਪਾ ਵਰਕਰਾਂ ਦੀ ਮਿਹਨਤ ਰੰਗ ਲਿਆਏਗੀ। ਮੈਂ ਲੋਕਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਦੀ ਬੇਨਤੀ ਕਰਾਂਗੀ।"

ਪਰਿਵਾਰ ਵਿਚ ਕਲੇਸ਼ 'ਤੇ ਦਿੱਤਾ ਸੀ ਜਵਾਬ 


ਤੁਹਾਨੂੰ ਦੱਸ ਦੇਈਏ ਕਿ ਰਿਵਾਬਾ ਜਡੇਜਾ ਨੂੰ ਬੀਜੇਪੀ ਤੋਂ ਟਿਕਟ ਮਿਲਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਿੱਚ ਕਲੇਸ਼ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ। ਇਸ ਦਾ ਕਾਰਨ ਇਹ ਸੀ ਕਿ ਰਵਿੰਦਰ ਜਡੇਜਾ ਦੀ ਭੈਣ ਨੈਨਾ ਕਾਂਗਰਸ 'ਚ ਹੈ, ਅਜਿਹੇ 'ਚ ਉਹ ਆਪਣੀ ਭਾਬੀ ਦੇ ਖਿਲਾਫ ਖੁੱਲ੍ਹ ਕੇ ਉਤਰੀ ਅਤੇ ਵਿਰੋਧ 'ਚ ਪ੍ਰਚਾਰ ਕੀਤਾ। ਇਸ ਦੌਰਾਨ ਰਵਿੰਦਰ ਜਡੇਜਾ ਵੱਲੋਂ ਰਿਵਾਬਾ ਖ਼ਿਲਾਫ਼ ਪ੍ਰਚਾਰ ਕਰਨ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ। ਜਿਸ 'ਤੇ ਬਾਅਦ 'ਚ ਰਿਵਾਬਾ ਨੂੰ ਜਵਾਬ ਦੇਣਾ ਪਿਆ। ਆਪਣੇ ਜਵਾਬ 'ਚ ਰਿਵਾਬਾ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਇਕ ਪਰਿਵਾਰ 'ਚ ਵੱਖ-ਵੱਖ ਵਿਚਾਰਧਾਰਾ ਵਾਲੇ ਲੋਕ ਹਨ। ਉਨ੍ਹਾਂ ਕਿਹਾ ਸੀ, ਮੇਰਾ ਸਹੁਰਾ ਅਤੇ ਮੇਰੀ ਨੰਨੜ ਕਾਂਗਰਸ ਦੇ ਮੈਂਬਰ ਵਜੋਂ ਆਪਣੀ ਪਾਰਟੀ ਲਈ ਪ੍ਰਚਾਰ ਕਰ ਰਹੇ ਹਨ। ਇਸ ਵਿੱਚ ਕੋਈ ਵੱਡੀ ਗੱਲ ਨਹੀਂ ਹੈ।

ਗੁਜਰਾਤ ਚੋਣਾਂ ਦਾ ਪਹਿਲਾ ਪੜਾਅ


ਗੁਜਰਾਤ ਵਿਧਾਨ ਸਭਾ ਦੀਆਂ ਕੁੱਲ 182 ਸੀਟਾਂ ਵਿੱਚੋਂ 89 ਸੀਟਾਂ ਲਈ ਪਹਿਲੇ ਪੜਾਅ ਵਿੱਚ ਵੋਟਿੰਗ ਹੋ ਰਹੀ ਹੈ। ਇਹ ਸੀਟਾਂ ਸੂਬੇ ਦੇ 19 ਜ਼ਿਲ੍ਹਿਆਂ ਵਿੱਚ ਫੈਲੀਆਂ ਹੋਈਆਂ ਹਨ ਅਤੇ ਇਸ ਪੜਾਅ ਵਿੱਚ ਕੁੱਲ 788 ਉਮੀਦਵਾਰਾਂ ਦੀ ਕਿਸਮਤ ਦਾਅ ’ਤੇ ਲੱਗੀ ਹੋਈ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸ਼ਾਸਨ ਵਾਲੇ ਸੂਬੇ 'ਚ ਪਹਿਲੇ ਪੜਾਅ ਦੀ ਵੋਟਿੰਗ ਲਈ ਪ੍ਰਚਾਰ ਮੰਗਲਵਾਰ ਸ਼ਾਮ 5 ਵਜੇ ਖਤਮ ਹੋ ਗਿਆ।

ਗੁਜਰਾਤ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਦੇ ਦਫਤਰ ਦੀ ਤਰਫੋਂ ਦੱਸਿਆ ਗਿਆ ਕਿ ਵੀਰਵਾਰ ਨੂੰ 14,382 ਪੋਲਿੰਗ ਸਟੇਸ਼ਨਾਂ 'ਤੇ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ। ਪਹਿਲੇ ਗੇੜ 'ਚ 89 ਸੀਟਾਂ 'ਤੇ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ 48 'ਤੇ ਜਿੱਤ ਦਰਜ ਕੀਤੀ ਸੀ, ਜਦਕਿ ਕਾਂਗਰਸ ਨੇ 40 ਸੀਟਾਂ ਜਿੱਤੀਆਂ ਸਨ ਅਤੇ ਇਕ ਸੀਟ ਆਜ਼ਾਦ ਉਮੀਦਵਾਰ ਨੂੰ ਮਿਲੀ ਸੀ।

ਇਸ ਚੋਣ ਵਿੱਚ ਭਾਜਪਾ ਤੋਂ ਇਲਾਵਾ ਕਾਂਗਰਸ, ਆਮ ਆਦਮੀ ਪਾਰਟੀ (ਆਪ), ਬਹੁਜਨ ਸਮਾਜਵਾਦੀ ਪਾਰਟੀ (ਬਸਪਾ), ਸਮਾਜਵਾਦੀ ਪਾਰਟੀ (ਸਪਾ), ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ (ਸੀਪੀਆਈ-ਐਮ), ਭਾਰਤੀ ਕਬਾਇਲੀ ਪਾਰਟੀ (ਬੀਟੀਪੀ), 36 ਹੋਰ ਪਾਰਟੀਆਂ ਨੇ ਵੀ ਆਪਣੇ ਉਮੀਦਵਾਰ ਖੜ੍ਹੇ ਕਰ ਦਿੱਤੇ ਹਨ। ਭਾਜਪਾ ਅਤੇ ਕਾਂਗਰਸ ਨੇ ਸਾਰੀਆਂ 89 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ।