Jalandhar bypoll Result: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਨੇ ਜਿੱਤ ਲਈ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੀ ਲੀਡ ਸ਼ੁਰੂ ਤੋਂ ਹੀ ਬਣੀ ਰਹੀ। ਉਹ ਕਾਂਗਰਸ ਤੋਂ ਕਰੀਬ 57000 ਤੋਂ ਵੱਧ ਵੋਟਾਂ ਨਾਲ ਅੱਗੇ ਹਨ। ਦੱਸ ਦਈਏ ਕਿ ਇਸ ਸੀਟ 'ਤੇ 'ਆਪ' ਤੇ ਕਾਂਗਰਸ ਵਿਚਾਲੇ ਹੀ ਟੱਕਰ ਸੀ। 'ਆਪ' ਦੀ ਲੀਡ ਸ਼ੁਰੂ ਤੋਂ ਹੀ ਬਰਕਰਾਰ ਰਹੀ। ਹੁ


ਉਧਰ, ‘ਆਪ’ ਵਰਕਰਾਂ ਨੇ ਜਸ਼ਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਨੇ ਗਿਣਤੀ ਕੇਂਦਰ ਦੇ ਬਾਹਰ 'ਆਪ' ਜ਼ਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ 285773 ਵੋਟਾਂ ਮਿਲੀਆਂ। ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 229523, ਭਾਜਪਾ ਦੇ ਇੰਦਰ ਇਕਬਾਲ ਅਟਵਾਲ ਨੂੰ 131983 ਤੇ ਅਕਾਲੀ-ਬਸਪਾ ਉਮੀਦਵਾਰ ਡਾ: ਸੁਖਵਿੰਦਰ ਸੁੱਖੀ ਨੂੰ 146070 ਵੋਟਾਂ ਮਿਲੀਆਂ ਹਨ।


 ਜਲੰਧਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਕਾਂਗਰਸ ਦੇ ਗੜ੍ਹ ਮੰਨੇ ਜਾਣ ਵਾਲੇ ਹਲਕੇ ਵਿੱਚ ਜਿੱਥੇ ਸੱਤਾਧਿਰ ਦਾ ਉਮੀਦਵਾਰ 57 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਰਿਹਾ ਹੈ, ਉੱਥੇ ਹੀ ਪਾਰਟੀ 34.07 ਵੋਟ ਸ਼ੇਅਰ ਨਾਲ ਸਭ ਤੋਂ ਅੱਗੇ ਹੈ। ਇਸ ਤੋਂ ਬਾਅਦ ਕਾਂਗਰਸ 27.36 ਫੀਸਦੀ ਵੋਟ ਲੈ ਕੇ ਦੂਜੇ ਸਥਾਨ 'ਤੇ ਹੈ। ਅਕਾਲੀ-ਬਸਪਾ ਨੂੰ 17.41 ਤੇ ਭਾਜਪਾ ਨੂੰ 15.74 ਫੀਸਦੀ ਵੋਟ ਪਈ ਹੈ।



ਦੱਸ ਦੇਈਏ ਕਿ ਕਾਂਗਰਸ ਪਾਰਟੀ ਦਾ ਗੜ੍ਹ ਮੰਨੀ ਜਾਂਦੀ ਜਲੰਧਰ ਲੋਕ ਸਭਾ ਸੀਟ ਲਈ ਹੋਈ ਜ਼ਿਮਨੀ ਚੋਣ 'ਚ 'ਆਪ', ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ 'ਚ ਚੋਣ ਮੁਕਾਬਲਾ ਸੀ। ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਜਨਵਰੀ 'ਚ ਪਾਰਟੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਜਿਸ ਕਾਰਨ ਸੀਟ 'ਤੇ ਉਪ ਚੋਣ ਹੋਈ ਸੀ। ਜਲੰਧਰ ਦੀ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਤੇ ਵਿਰੋਧੀ ਪਾਰਟੀਆਂ ਦੇ ਲਈ ਇਹ ਸੀਟ ਵੱਕਾਰ ਦਾ ਸਵਾਲ ਬਣੀ ਹੋਈ ਸੀ। 


ਇਸ ਜ਼ਿਮਨੀ ਚੋਣ ਨੂੰ ਇੱਕ ਸਾਲ ਪੁਰਾਣੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਦੀ ਕਾਰਗੁਜ਼ਾਰੀ ਦੀ ਪਰਖ ਵਜੋਂ ਵੀ ਦੇਖਿਆ ਜਾ ਰਿਹਾ ਹੈ, ਜੋ ਮੁਫਤ ਬਿਜਲੀ, ਨੌਜਵਾਨਾਂ ਨੂੰ ਰੁਜ਼ਗਾਰ, ਠੇਕਾ ਕਰਮਚਾਰੀਆਂ ਨੂੰ ਰੈਗੂਲਰ ਕਰਨ ਤੇ ਭ੍ਰਿਸ਼ਟਾਚਾਰ ਖਿਲਾਫ਼ ਕਾਰਵਾਈ ਵਰਗੇ ਕਈ ਮੁੱਦਿਆਂ 'ਤੇ ਸਰਗਰਮੀ ਨਾਲ ਕਾਰਵਾਈ ਕਰਨ ਦੇ ਵਾਅਦੇ ਨਾਲ ਸੱਤਾ ਵਿਚ ਆਈ ਸੀ। ਕਾਂਗਰਸ ਵੀ ਆਪਣਾ ਗੜ੍ਹ ਮੰਨੀ ਜਾਂਦੀ ਜਲੰਧਰ ਸੀਟ 'ਤੇ ਆਪਣੀ ਪਕੜ ਬਰਕਰਾਰ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ 1999 ਤੋਂ ਲਗਾਤਾਰ ਇਹ ਸੀਟ ਜਿੱਤਦੀ ਆ ਰਹੀ ਹੈ।