Punjab Elections 2022 : ਵਿਧਾਨ ਸਭਾ ਚੋਣਾਂ 'ਚ ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ (AAP) ਉਮੀਦਵਾਰ ਸ਼ੀਤਲ ਅੰਗੁਰਾਲ (Sheetal Angural) ਵੱਲੋਂ ਦਾਖ਼ਲ ਕੀਤੇ ਗਏ ਨਾਮਜ਼ਦਗੀ ਪੱਤਰ 'ਚ ਝੂਠੇ ਦਸਤਾਵੇਜ਼ ਅਤੇ ਗਲਤ ਸੂਚਨਾ ਦੇਣ ਦੇ ਦੋਸ਼ ਲੱਗੇ ਹਨ। ਇਸ ਸਬੰਧੀ ਉਸ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਹਾਈ ਕੋਰਟ ਨੇ ਸਬੰਧਤ ਅਥਾਰਟੀ ਨੂੰ ਚਾਰ ਹਫ਼ਤਿਆਂ ਵਿੱਚ ਸ਼ਿਕਾਇਤ ’ਤੇ ਬਣਾਏ ਗਏ ਕਾਨੂੰਨ ਤਹਿਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।
ਜਸਟਿਸ ਜਸਜੀਤ ਬੇਦੀ ਨੇ ਇਹ ਹੁਕਮ ਸਥਾਨਕ ਨਿਵਾਸੀ ਸੁਰਿੰਦਰ ਪਾਲ ਵੱਲੋਂ ਦਾਇਰ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਦਿੱਤੇ ਹਨ। ਦਾਇਰ ਪਟੀਸ਼ਨ 'ਚ ਸੁਰਿੰਦਰ ਪਾਲ ਨੇ ਹਾਈ ਕੋਰਟ ਨੂੰ ਦੱਸਿਆ ਹੈ ਕਿ ਸ਼ੀਤਲ ਅੰਗੁਰਾਲ ਵੱਲੋਂ 31 ਜਨਵਰੀ ਨੂੰ ਦਾਖਲ ਕੀਤੀ ਆਪਣੀ ਨਾਮਜ਼ਦਗੀ 'ਚ ਜੋ ਜਾਣਕਾਰੀ ਦਿੱਤੀ ਗਈ ਸੀ ਕਿ ਉਨ੍ਹਾਂ ਨੇ 2011 ਵਿੱਚ ਹਰਿਆਣਾ ਕੌਂਸਲ ਆਫ ਓਪਨ ਸਕੂਲਿੰਗ ਤੋਂ ਮੈਟ੍ਰਿਕ ਕੀਤੀ ਸੀ, ਉਹ ਪੂਰੀ ਤਰ੍ਹਾਂ ਗਲਤ ਹੈ।
ਇਸ ਸਬੰਧੀ ਹਰਿਆਣਾ ਓਪਨ ਸਕੂਲਿੰਗ ਤੋਂ ਜਾਣਕਾਰੀ ਮੰਗੀ ਤਾਂ ਉਸ ਪਾਸੋਂ ਦੱਸਿਆ ਗਿਆ ਕਿ ਉਸ ਕੋਲ ਇਸ ਰੋਲ ਨੰਬਰ ਦਾ ਕੋਈ ਰਿਕਾਰਡ ਨਹੀਂ ਹੈ। ਏਨਾ ਹੀ ਨਹੀਂ ਸ਼ੀਤਲ ਅੰਗੁਰਾਲ ਨੇ ਆਪਣੀ ਨਾਮਜ਼ਦਗੀ 'ਚ ਆਪਣੇ ਖਿਲਾਫ ਦਰਜ 9 ਅਪਰਾਧਿਕ ਮਾਮਲਿਆਂ ਦੀ ਜਾਣਕਾਰੀ ਦਿੱਤੀ ਹੈ, ਜਦੋਂਕਿ ਉਨ੍ਹਾਂ ਉੱਪਰ 12 ਅਪਰਾਧਿਕ ਮਾਮਲੇ ਚੱਲ ਰਹੇ ਹਨ।
ਪਟੀਸ਼ਨਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਜਦੋਂ ਕੌਂਸਲ ਤੋਂ ਜਾਣਕਾਰੀ ਮੰਗੀ ਤਾਂ ਪਟੀਸ਼ਨਰ ਦੇ ਦੋਸ਼ ਸਹੀ ਸਾਬਿਤ ਹੋਏ। ਇਸ ਤੋਂ ਬਾਅਦ ਪਟੀਸ਼ਨਰ ਨੇ ਪੁਲਿਸ 'ਤੇ ਸ਼ੀਤਲ ਅੰਗੁਰਾਲ ਖਿਲਾਫ ਨਾਮਜ਼ਦਗੀ 'ਚ ਗਲਤ ਦਸਤਾਵੇਜ਼ ਦੇਣ ਅਤੇ ਅਪਰਾਧਿਕ ਮਾਮਲਿਆਂ ਦੀ ਗਲਤ ਜਾਣਕਾਰੀ ਦੇਣ ਦੇ ਦੋਸ਼ 'ਚ ਮਾਮਲਾ ਦਰਜ ਕਰਨ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ, ਜਿਸ 'ਤੇ ਕੋਈ ਕਾਰਵਾਈ ਨਹੀਂ ਹੋਈ।
ਇਸ ਤੋਂ ਬਾਅਦ ਚੋਣ ਅਧਿਕਾਰੀ ਨੂੰ ਸ਼ਿਕਾਇਤ ਵੀ ਦਿੱਤੀ ਗਈ ਪਰ ਉੱਥੇ ਵੀ ਕੋਈ ਕਾਰਵਾਈ ਨਹੀਂ ਹੋਈ। ਇਸ ਲਈ ਹੁਣ ਪਟੀਸ਼ਨਰ ਨੇ ਇਸ ਮਾਮਲੇ ਨੂੰ ਲੈ ਕੇ ਹਾਈਕੋਰਟ 'ਚ ਸ਼ੀਤਲ ਅੰਗੁਰਾਲ ਖਿਲਾਫ ਮਾਮਲਾ ਦਰਜ ਕਰਨ ਅਤੇ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਪਟੀਸ਼ਨ ਦਾਇਰ ਕੀਤੀ ਸੀ। ਇਸ ਦਾ ਨਿਪਟਾਰਾ ਕਰਦਿਆਂ ਹਾਈ ਕੋਰਟ ਨੇ ਸਬੰਧਤ ਅਥਾਰਟੀ ਨੂੰ ਚਾਰ ਹਫ਼ਤਿਆਂ ਵਿੱਚ ਸ਼ਿਕਾਇਤ ’ਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904