ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਕਿਹਾ ਕਿ ਜਿਸ ਦਿਨ ਲੋਕਾਂ ਨੂੰ ਸਹੀ ਆਪਸ਼ਨ ਮਿਲ ਜਾਵੇਗਾ, ਉਸ ਦਿਨ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਜਾਵੇਗਾ। ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਤੇ ਹੋਰ ਵਿਰੋਧੀ ਧਿਰਾਂ ਨੂੰ ਵਿਕਲਪਿਕ ਤਾਕਤ ਬਣਾਉਣ ਲਈ ਇਕੱਠੇ ਹੋਣਾ ਚਾਹੀਦਾ ਹੈ।


ਉਨ੍ਹਾਂ ਪਾਰਟੀ ਦੀ ਜਥੇਬੰਦਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਅਜੇ ਵੀ ਸੱਤਾ 'ਚ ਹੈ, ਕਿਉਂਕਿ ਕੋਈ ਆਪਸ਼ਨ ਨਹੀਂ ਬਚਿਆ ਹੈ। ਜਿਸ ਦਿਨ ਆਪਸ਼ਨ ਮਿਲਿਆ, ਉਸ ਨੂੰ ਬਾਹਰ ਕਰ ਦਿੱਤਾ ਜਾਵੇਗਾ। ਮਮਤਾ ਬੈਨਰਜੀ ਨੇ ਇਹ ਐਲਾਨ ਪਾਰਟੀ ਦੇ ਤੀਜੇ ਕਾਰਜਕਾਲ ਦੀ ਪਹਿਲੀ ਵਰ੍ਹੇਗੰਢ ਮੌਕੇ ਕੀਤਾ।

ਮਮਤਾ ਨੇ 5 ਮਈ ਤੋਂ ਜਨ ਸੰਪਰਕ ਪ੍ਰੋਗਰਾਮ ਸ਼ੁਰੂ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਇਹ 21 ਜੁਲਾਈ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਬੰਗਾਲ 'ਚ ਰਾਮ ਅਤੇ ਬਾਮ (ਭਾਜਪਾ ਤੇ ਖੱਬੇਪੱਖੀ) ਨੇ ਹੱਥ ਮਿਲਾ ਲਿਆ ਹੈ ਪਰ ਇਹ ਸੂਬਾ ਵਿਖਾਏਗਾ ਕਿ 2024 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਕਿਵੇਂ ਹਰਾਉਣਾ ਹੈ?

ਪਿਛਲੇ ਮਹੀਨੇ ਹੀ ਪਾਰਟੀ ਪ੍ਰਧਾਨ ਚੁਣੇ ਗਏ ਮਮਤਾ
ਭਾਜਪਾ ਨੂੰ 'ਦੰਗਾਕਾਰੀਆਂ ਦੀ ਪਾਰਟੀ' ਦੱਸਦੇ ਹੋਏ ਮਮਤਾ ਨੇ ਕਿਹਾ ਕਿ ਸੋਮਵਾਰ ਨੂੰ ਵਿਧਾਨ ਸਭਾ 'ਚ ਇਸ ਦੇ ਮੈਂਬਰਾਂ ਵੱਲੋਂ ਕੀਤਾ ਗਿਆ ਹੰਗਾਮਾ 'ਬੇਮਿਸਾਲ' ਸੀ। ਪਿਛਲੇ ਮਹੀਨੇ ਮਮਤਾ ਬੈਨਰਜੀ, ਜਿਨ੍ਹਾਂ ਨੂੰ ਪਾਰਟੀ ਪ੍ਰਧਾਨ ਵਜੋਂ ਦੁਬਾਰਾ ਚੁਣਿਆ ਗਿਆ ਸੀ, ਨੇ ਇੱਕ ਨਵੀਂ ਸੂਬਾ ਕਮੇਟੀ ਬਣਾਈ, ਜਿਸ 'ਚ ਜ਼ਿਆਦਾਤਰ ਆਪਣੇ ਵਫ਼ਾਦਾਰ ਸਨ। ਪਾਰਟੀ 'ਚ ਪੁਰਾਣੇ ਆਗੂਆਂ ਤੇ ਨੌਜਵਾਨ ਆਗੂਆਂ ਵਿਚਕਾਰ ਕਥਿਤ ਸੱਤਾ ਸੰਘਰਸ਼ ਦਰਮਿਆਨ ਇਹ ਕਮੇਟੀ ਬਣਾਈ ਗਈ ਹੈ।

ਪ੍ਰਸ਼ਾਂਤ ਕਿਸ਼ੋਰ ਵੀ ਸੀ ਮੰਚ 'ਤੇ ਮੌਜੂਦ
ਟੀਐਮਸੀ ਸੁਪਰੀਮੋ ਨੇ ਸੁਬਰਤ ਬਖ਼ਸ਼ੀ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਅਤੇ ਪਾਰਥ ਚੈਟਰਜੀ ਨੂੰ ਦੁਬਾਰਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਉਨ੍ਹਾਂ ਨੇ ਸੂਬੇ ਦੇ ਸਾਬਕਾ ਵਿੱਤ ਮੰਤਰੀ ਅਮਿਤ ਮਿੱਤਰਾ ਤੇ 19 ਸੂਬਾ ਜਨਰਲ ਸਕੱਤਰਾਂ ਸਮੇਤ ਲਗਪਗ 20 ਉਪ ਪ੍ਰਧਾਨ ਨਿਯੁਕਤ ਕੀਤੇ। ਇਸ ਦੇ ਨਾਲ ਹੀ ਟੀਐਮਸੀ ਦੇ ਸਿਆਸੀ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਵੀ ਮੀਟਿੰਗ 'ਚ ਮੌਜੂਦ ਸਨ ਤੇ ਉਹ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨਾਲ ਮੰਚ ਸਾਂਝਾ ਕਰਦੇ ਨਜ਼ਰ ਆਏ।