Manipur Election 2022  :  ਮਣੀਪੁਰ 'ਚ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਲਈ ਅੱਜ ਵੋਟਿੰਗ ਜਾਰੀ ਹੈ। 6 ਜ਼ਿਲ੍ਹਿਆਂ ਦੀਆਂ 22 ਵਿਧਾਨ ਸਭਾ ਸੀਟਾਂ 'ਤੇ 92 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਵੋਟਰ ਕਰਨਗੇ। ਮੁੱਖ ਚੋਣ ਅਧਿਕਾਰੀ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਕੋਵਿਡ-19 ਦੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ 1247 ਪੋਲਿੰਗ ਸਟੇਸ਼ਨਾਂ 'ਤੇ ਵੋਟਿੰਗ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ।

 

ਦੂਜੇ ਗੇੜ ਵਿੱਚ ਚੋਣ ਮੈਦਾਨ ਵਿੱਚ ਉਤਰੇ ਕੁਝ ਪ੍ਰਮੁੱਖ ਉਮੀਦਵਾਰਾਂ ਵਿੱਚ ਤਿੰਨ ਵਾਰ ਦੇ ਮੁੱਖ ਮੰਤਰੀ ਓ ਇਬੋਬੀ ਸਿੰਘ ਅਤੇ ਸਾਬਕਾ ਉਪ ਮੁੱਖ ਮੰਤਰੀ ਗਾਇਖੰਗਮ ਗੰਗਮੇਈ ਸ਼ਾਮਲ ਹਨ। ਦੋਵੇਂ ਕਾਂਗਰਸੀ ਉਮੀਦਵਾਰ ਹਨ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਚੱਲੇਗੀ। ਇਬੋਬੀ ਸਿੰਘ ਸਿੰਘ ਥੌਬਲ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਹਨ ਅਤੇ ਉਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਲਿਟੈਂਥਮ ਬਸੰਤ ਸਿੰਘ, ਜਨਤਾ ਦਲ-ਯੂਨਾਈਟਿਡ ਦੀ ਇਰੋਮ ਚੌਬਾ ਸਿੰਘ ਅਤੇ ਸ਼ਿਵ ਸੈਨਾ ਦੇ ਕੰਜ਼ਿਊਮ ਮਾਈਕਲ ਸਿੰਘ ਨਾਲ ਹੈ।

 

 ਵੋਟਿੰਗ ਹਿੰਸਾ ਵਿੱਚ 2 ਦੀ ਮੌਤ

 

ਮਣੀਪੁਰ ਵਿੱਚ ਦੂਜੇ ਅਤੇ ਆਖਰੀ ਪੜਾਅ ਦੀ ਵੋਟਿੰਗ ਦੌਰਾਨ ਪੋਲਿੰਗ ਨਾਲ ਸਬੰਧਤ ਹਿੰਸਾ ਦੀਆਂ ਵੱਖ-ਵੱਖ ਘਟਨਾਵਾਂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਪਹਿਲੀ ਘਟਨਾ ਥੌਬਲ ਜ਼ਿਲ੍ਹੇ ਵਿੱਚ ਅਤੇ ਦੂਜੀ ਸੈਨਾਪਤੀ ਜ਼ਿਲ੍ਹੇ ਵਿੱਚ ਵਾਪਰੀ ਹੈ। ਫਿਲਹਾਲ ਮਨੀਪੁਰ 'ਚ ਸਵੇਰੇ 11 ਵਜੇ ਤੱਕ 28.19 ਫੀਸਦੀ ਵੋਟਿੰਗ ਹੋਈ ਅਤੇ ਦੁਪਹਿਰ 1 ਵਜੇ ਤੱਕ 47.16 ਫੀਸਦੀ ਵੋਟਿੰਗ ਹੋ ਚੁੱਕੀ ਹੈ। 

 

ਅਸੀਂ ਪੂਰਨ ਬਹੁਮਤ ਨਾਲ ਜਿੱਤਾਂਗੇ : ਸਾਬਕਾ ਮੁੱਖ ਮੰਤਰੀ ਇਬੋਬੀ ਸਿੰਘ


ਮਣੀਪੁਰ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਓਕਰਾਮ ਇਬੋਬੀ ਸਿੰਘ ਨੇ ਆਪਣੀ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਇਸ ਵਾਰ ਅਸੀਂ ਥੌਬਲ ਦੀਆਂ 10 ਵਿੱਚੋਂ 9 ਸੀਟਾਂ ਜਿੱਤ ਰਹੇ ਹਾਂ ਅਤੇ ਅਸੀਂ ਮਣੀਪੁਰ ਵਿੱਚ ਪੂਰਨ ਬਹੁਮਤ ਨਾਲ ਜਿੱਤਣ ਜਾ ਰਹੇ ਹਾਂ।

 

ਦੱਸ ਦੇਈਏ ਕਿ ਮਣੀਪੁਰ 'ਚ ਪਹਿਲੇ ਪੜਾਅ 'ਚ 28 ਫਰਵਰੀ ਨੂੰ ਵੋਟਿੰਗ ਹੋਈ ਸੀ। ਰਾਜ ਦੀਆਂ ਕੁੱਲ 60 ਸੀਟਾਂ ਵਿੱਚੋਂ 38 ਸੀਟਾਂ 'ਤੇ ਵੋਟਿੰਗ ਹੋਈ ਸੀ, ਜਿਸ ਵਿੱਚ ਇੰਫਾਲ ਪੱਛਮੀ, ਇੰਫਾਲ ਪੂਰਬੀ, ਬਿਸ਼ਨੂਪੁਰ, ਕੰਗਪੋਕਪੀ ਅਤੇ ਚੂਰਾਚੰਦਪੁਰ ਸ਼ਾਮਲ ਹਨ। ਪਹਿਲੇ ਪੜਾਅ 'ਚ 78.09 ਫੀਸਦੀ ਪੋਲਿੰਗ ਦਰਜ ਕੀਤੀ ਗਈ ਸੀ। ਦੂਜੇ ਪੜਾਅ ਵਿੱਚ ਵੋਟਿੰਗ ਹੋਣ ਵਾਲੀਆਂ ਬਾਕੀ 22 ਸੀਟਾਂ ਵਿੱਚ ਪਹਾੜੀ ਖੇਤਰ ਦੀਆਂ 11 ਵਿਧਾਨ ਸਭਾ ਸੀਟਾਂ ਸ਼ਾਮਲ ਹਨ, ਜਿੱਥੇ ਨਾਗਾ ਕਬੀਲੇ ਦਾ ਦਬਦਬਾ ਹੈ।