ਰਵਨੀਤ ਕੌਰ
ਚੰਡੀਗੜ੍ਹ: Punjab news ਪੰਜਾਬ 'ਚ ਵਿਧਾਨ ਸਭਾ ਚੋਣਾਂ ਦਰਮਿਆਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi ) ਨੇ ਦੇਸ਼ ਦੇ ਵੱਡੇ ਸਿੱਖ ਆਗੂਆਂ ਨਾਲ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ 'ਚ ਮਨਜਿੰਦਰ ਸਿੰਘ ਸਿਰਸਾ ਸਣੇ ਸੰਤ ਬਲਬੀਰ ਸਿੰਘ ਸੀਚੇਵਾਲ, ਪਟਨਾ ਸਾਹਿਬ ਦੇ ਜਥੇਦਾਰ ਤੇ ਦਿੱਲੀ ਸਿੱਖ ਗੁਰਦੁਆਰ ਪ੍ਰਬੰਧਕ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਸਣੇ ਹੋਰ ਸਿੱਖ ਆਗੂ ਸ਼ਾਮਲ ਹਨ।
ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਪ੍ਰਚਾਰ ਦਾ ਆਖਰੀ ਦਿਨ ਸ਼ੁੱਕਰਵਾਰ 18 ਫਰਵਰੀ ਹੈ। ਸੂਬੇ 'ਚ ਚੋਣ ਪ੍ਰਚਾਰ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਬਾਅਦ ਰੁਕ ਜਾਵੇਗਾ। ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ ਐਤਵਾਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਪ੍ਰਸ਼ਾਸਨ ਨੇ ਬਾਹਰੀ ਲੋਕਾਂ ਨੂੰ 18 ਫਰਵਰੀ ਨੂੰ ਸ਼ਾਮ 6 ਵਜੇ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਛੱਡਣ ਦੇ ਹੁਕਮ ਦਿੱਤੇ ਹਨ।
ਇਸ ਦੇ ਨਾਲ ਹੀ ਚੋਣ ਪ੍ਰਚਾਰ ਠੱਪ ਹੋਣ ਤੋਂ ਬਾਅਦ 20 ਫਰਵਰੀ ਨੂੰ ਵੋਟਿੰਗ ਹੋਣ ਤੱਕ ਸੂਬੇ 'ਚ ਡਰਾਈ-ਡੇਅ ਦਾ ਐਲਾਨ ਕੀਤਾ ਗਿਆ ਹੈ। ਚੋਣ ਪ੍ਰਚਾਰ ਖ਼ਤਮ ਹੁੰਦੇ ਹੀ ਰੇਡੀਓ ਤੇ ਟੀਵੀ 'ਤੇ ਇਸ਼ਤਿਹਾਰਾਂ ਦਾ ਪ੍ਰਸਾਰਣ ਬੰਦ ਕਰ ਦਿੱਤਾ ਜਾਵੇਗਾ। ਚੋਣ ਪ੍ਰਚਾਰ ਦੇ ਆਖਰੀ ਦਿਨ ਕਈ ਦਿੱਗਜ ਆਗੂ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ।
ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਇਸ ਵਾਰ ਕੁੱਲ 1 ਹਜ਼ਾਰ 304 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਲੁਧਿਆਣਾ ਦੀਆਂ 14 ਸੀਟਾਂ 'ਤੇ ਸਭ ਤੋਂ ਵੱਧ 175 ਉਮੀਦਵਾਰ ਚੋਣ ਲੜ ਰਹੇ ਹਨ। ਅੰਮ੍ਰਿਤਸਰ ਦੀਆਂ 11 ਸੀਟਾਂ ਲਈ 117 ਤੇ ਪਟਿਆਲਾ ਦੀਆਂ ਅੱਠ ਸੀਟਾਂ ਲਈ 103 ਉਮੀਦਵਾਰ ਮੈਦਾਨ ਵਿੱਚ ਹਨ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ.ਐਸ. ਕਰੁਣਾ ਰਾਜੂ ਮੁਤਾਬਕ ਚੋਣ ਪ੍ਰਚਾਰ ਦੀ ਸੀਮਾ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 126 ਮੁਤਾਬਕ ਤੈਅ ਕੀਤੀ ਗਈ ਹੈ। ਚੋਣ ਕਮਿਸ਼ਨ ਵੱਲੋਂ ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ ਲਾਗੂ ਕਰਨ ਦੀਆਂ ਹਦਾਇਤਾਂ ਵੀਰਵਾਰ ਸ਼ਾਮ ਨੂੰ ਸਮੂਹ ਜ਼ਿਲ੍ਹਾ ਚੋਣ ਅਫ਼ਸਰਾਂ ਨੂੰ ਜਾਰੀ ਕਰ ਦਿੱਤੀਆਂ ਗਈਆਂ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904