ਚੰਡੀਗੜ੍ਹ: ਪੰਜਾਬ ਦੌਰੇ 'ਤੇ ਪ੍ਰਿਯੰਕਾ ਗਾਂਧੀ ਦੀ ਰੈਲੀ 'ਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਦਿੱਤੇ ਗਏ ਵਿਵਾਦਤ ਬਿਆਨ 'ਤੇ ਸਿਆਸਤ ਗਰਮਾ ਗਈ ਹੈ। ਭਾਜਪਾ ਉਮੀਦਵਾਰਾਂ ਨੇ ਇਸ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਸੀ।

ਇਸ ਸਬੰਧੀ ਜਦੋਂ ਪੰਜਾਬ ਦੇ ਕੈਬਨਿਟ ਮੰਤਰੀ ਪਰਗਟ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਕਿਸੇ ਹੋਰ ਲਹਿਜੇ 'ਚ ਇਹ ਗੱਲ ਕਹੀ ਹੋਵੇਗੀ ਕਿ ਕੋਈ ਬਾਹਰੋਂ ਚੋਣ ਲੜਦੇ ਹਨ ਤੇ ਉਹੀ ਲੋਕ ਇੱਥੇ ਆ ਕੇ ਕੰਮ ਕਰਦੇ ਹਨ ਤੇ ਸਾਡੇ ਉਨ੍ਹਾਂ ਨਾਲ ਚੰਗੇ ਰਿਸ਼ਤੇ ਹਨ।

ਪਰਗਟ ਸਿੰਘ ਨੇ ਕਿਹਾ ਕਿ ਜਦੋਂ ਕੋਈ ਵੀ ਪੰਜਾਬ ਆਉਂਦਾ ਹੈ ਤਾਂ ਉਸ ਦਾ ਸੁਆਗਤ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਮੰਨਿਆ ਕਿ ਉਨ੍ਹਾਂ ਇਹ ਗੱਲ ਸਿਆਸੀ ਕੋਣ ਤੋਂ ਕਹੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਤੋਂ ਆ ਕੇ ਸਾਨੂੰ ਰਾਜਨੀਤੀ ਸਿਖਾਉਣ ਵਾਲਿਆਂ ਲਈ ਦਰਵਾਜ਼ੇ ਬੰਦ ਹੋਣੇ ਚਾਹੀਦੇ ਹਨ।

ਨਵਜੋਤ ਸਿੱਧੂ ਦੇ ਮੁਆਫੀਨਾਮੇ ਵਾਲੇ ਬਿਆਨ 'ਤੇ ਬੋਲਦਿਆਂ ਪਰਗਟ ਸਿੰਘ ਨੇ ਕਿਹਾ ਕਿ ਸਾਨੂੰ ਅਜਿਹੇ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੀਐਮ ਕੇਜਰੀਵਾਲ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਨਸ਼ਿਆਂ ਦੇ ਮਾਮਲੇ 'ਚ ਹਜ਼ਾਰਾਂ ਪੋਸਟਰ ਲਗਾਓ ਤੇ ਬਾਅਦ 'ਚ ਮੁਆਫੀ ਮੰਗੋ। ਕੇਜਰੀਵਾਲ ਨੇ ਪਹਿਲਾਂ ਪੋਸਟਰ ਲਗਾ ਕੇ ਮਜੀਠੀਆ ਦਾ ਅਕਸ ਖਰਾਬ ਕਰਨ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਬਾਅਦ 'ਚ ਮੁਆਫੀ ਮੰਗੀ ਪਰ ਕਾਂਗਰਸ ਨੂੰ ਇਸ 'ਤੇ ਪਰਚਾ ਦਰਜ ਕਰਨਾ ਚਾਹੀਦਾ ਹੈ।

ਭਾਜਪਾ ਉਮੀਦਵਾਰ ਮਨੋਰੰਜਨ ਕਾਲੀਆ ਨੇ ਚਰਨਜੀਤ ਸਿੰਘ ਚੰਨੀ ਦੇ ਬਿਆਨ 'ਤੇ ਕਿਹਾ ਯੂ.ਪੀ., ਬਿਹਾਰ ਤੇ ਦਿੱਲੀ ਦੇ ਲੋਕਾਂ ਨੂੰ ਬਈਏ ਬੋਲ ਕੇ ਪ੍ਰਵਾਸੀ ਲੋਕਾਂ ਲਈ ਬਚਕਾਨਾ ਅਤੇ ਮੂਰਖਤਾ ਭਰਿਆ ਬਿਆਨ ਦਿੱਤਾ ਹੈ, ਜਿਸ ਦੀ ਉਹ ਸਖ਼ਤ ਨਿਖੇਧੀ ਕਰਦੇ ਹਨ।

ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਰਾਜ ਕੁਮਾਰ ਵਿਸ਼ਵਾਸ ਵੱਲੋਂ ਦਿੱਤੇ ਗਏ ਬਿਆਨ 'ਤੇ ਮਨੋਰੰਜਨ ਕਾਲੀਆ ਨੇ ਕਿਹਾ ਕਿ ਕੇਜਰੀਵਾਲ ਦੇ ਪਿਛਲੀਆਂ ਚੋਣਾਂ 'ਚ ਖਾਲਿਸਤਾਨ ਸਮਰਥਕਾਂ ਤੇ ਸੰਗਠਨਾਂ ਨਾਲ ਸਬੰਧ ਸਨ, ਜਿਸ ਦਾ ਖੁਲਾਸਾ ਕੁਮਾਰ ਵਿਸ਼ਵਾਸ ਨੇ ਕੀਤਾ ਹੈ।