Punab Election: ਕਾਂਗਰਸ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਸਹਾਰੇ ਪੂਰੇ ਮਾਲਵੇ ਨੂੰ ਮੁੱਠੀ ਵਿੱਚ ਕਰਨਾ ਚਾਹ ਰਹੀ ਸੀ ਪਰ ਉਹ ਦੋਵੇਂ ਹਲਕਿਆਂ ਚਮਕੌਰ ਸਾਹਿਬ ਤੇ ਭਦੌੜ ਤੋਂ ਚੋਣ ਹਾਰ ਗਏ ਹਨ। ਚੰਨੀ ਨੂੰ ਭਦੌੜ ’ਚ ‘ਆਪ’ ਦੇ ਲਾਭ ਸਿੰਘ ਉੱਗੋਕੇ ਤੇ ਚਮਕੌਰ ਸਾਹਿਬ ’ਚ ਡਾ. ਚਰਨਜੀਤ ਸਿੰਘ ਨੇ ਹਰਾਇਆ। ਅਹਿਮ ਗੱਲ਼ ਹੈ ਕਿ ਚਮਕੌਰ ਸਾਹਿਬ ਉਨ੍ਹਾਂ ਦਾ ਗੜ੍ਹ ਮੰਨਿਆ ਜਾਂਦਾ ਸੀ ਜਿੱਥੋਂ ਉਹ ਤਿੰਨ ਵਾਰ ਜੇਤੂ ਰਹੇ ਸਨ।

ਚਮਕੌਰ ਸਾਹਿਬ ਦੀ ਜਨਤਾ ਨੇ ਕਿਉਂ ਨਕਾਰਿਆ?
ਸੂਤਰਾਂ ਦਾ ਕਹਿਣਾ ਹੈ ਕਿ ਚੰਨੀ ਨੇ ਆਪਣੇ ਹਲਕੇ ਚਮਕੌਰ ਸਾਹਿਬ ਲਈ ਤਾਂ ਕਈ ਕੰਮ ਵੀ ਸ਼ੁਰੂ ਕਰਵਾਏ ਸੀ ਪਰ ਫਿਰ ਵੀ ਉਹ ਹਾਰ ਗਏ। ਹਲਕੇ ਜੇ ਜਾਣੂ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਕਈ ਕਾਰਨ ਰਹੇ ਜਿਨ੍ਹਾਂ ਕਾਰਨ ਉਹ ਚੋਣ ਹਾਰ ਗਏ। ਇਨ੍ਹਾਂ ਵਿੱਚੋਂ ਸਭ ਤੋਂ ਮੁੱਖ ਕਾਰਨ ਮੁੱਖ ਮੰਤਰੀ ਦਾ ਆਪਣੇ ਵੋਟਰਾਂ ਨਾਲ ਸਿੱਧਾ ਰਾਬਤਾ ਨਾ ਰੱਖਣਾ, ਪਿੰਡਾਂ ਸ਼ਹਿਰਾਂ ਦੇ ਵਰਕਰਾਂ ਨੂੰ ਪਿੱਛੇ ਕਰ ਕੇ ਹੋਰ ਲੋਕਾਂ ਨੂੰ ਜ਼ਿਆਦਾ ਅਹਿਮੀਅਤ ਦੇਣੀ, ਹਲਕੇ ਦੇ ਨੌਜਵਾਨਾਂ ਨੂੰ ਨੌਕਰੀਆਂ ਨਾ ਦਿਵਾਉਣਾ, ਮੋਰਿੰਡਾ, ਚੰਡੀਗੜ੍ਹ ਤੇ ਖਰੜ ਸਥਿਤ ਦਫ਼ਤਰਾਂ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਸਹੀ ਟੀਮ ਦੀ ਚੋਣ ਨਾ ਕਰਨਾ ਤੇ ਇਨ੍ਹਾਂ ਦਫ਼ਤਰਾਂ ਵਿੱਚ ਬਿਠਾਏ ਅਧਿਕਾਰੀਆਂ ਵੱਲੋਂ ਲੋਕਾਂ ਨਾਲ ਬੇਰੁਖੀ ਨਾਲ ਪੇਸ਼ ਆਉਣਾ ਆਦਿ ਸ਼ਾਮਲ ਹਨ।

ਦੱਸ ਦਈਏ ਕਿ ਹਲਕਾ ਚਮਕੌਰ ਸਾਹਿਬ ਵਿੱਚ ‘ਆਪ’ ਦੇ ਉਮੀਦਵਾਰ ਡਾ. ਚਰਨਜੀਤ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 7000 ਤੋਂ ਵਧ ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ। ਡਾ. ਚਰਨਜੀਤ ਸਿੰਘ ਨੂੰ 69,981 ਵੋਟਾਂ ਮਿਲੀਆਂ ਜਦਕਿ ਚੰਨੀ ਨੂੰ 62,148, ਅਕਾਲੀ ਦਲ (ਅੰਮ੍ਰਿਤਸਰ) ਦੇ ਲਖਬੀਰ ਸਿੰਘ ਨੂੰ 6,969, ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਹਰਮੋਹਣ ਸਿੰਘ ਸੰਧੂ ਨੂੰ 3,788 ਤੇ ਭਾਜਪਾ ਦੇ ਦਰਸ਼ਨ ਸਿੰਘ ਸ਼ਿਵਜੋਤ ਨੂੰ 2,494 ਵੋਟਾਂ ਮਿਲੀਆਂ।

ਇਸੇ ਤਰ੍ਹਾਂ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਲਾਭ ਸਿੰਘ ਉੱਗੋਕੇ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 37,220 ਵੋਟਾਂ ਨਾਲ ਹਰਾਇਆ ਹੈ। ਲਾਭ ਸਿੰਘ ਨੂੰ 63514, ਚੰਨੀ (ਕਾਂਗਰਸ) ਨੂੰ 26294, ਅਕਾਲੀ ਦਲ ਦੇ ਸਤਨਾਮ ਸਿੰਘ ਰਾਹੀ ਨੂੰ 21,065, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਹੰਸ ਸਿੰਘ ਨੂੰ 8577, ਪੰਜਾਬ ਲੋਕ ਕਾਂਗਰਸ ਦੇ ਧਰਮ ਸਿੰਘ ਫੌਜੀ ਨੂੰ 611, ਸੀਪੀਆਈ (ਐਮ) ਦੇ ਬਲਵੀਰ ਸਿੰਘ ਨੂੰ 542, ਜਗਰੂਪ ਸਿੰਘ ਨੂੰ 400, ਬੱਗਾ ਸਿੰਘ ਕਾਹਨੇਕੇ ਨੂੰ 323, ਸੀਪੀਆਈ (ਐਮਐਲ) ਦੇ ਭਗਵੰਤ ਸਿੰਘ ਸਮਾਓ ਨੂੰ 437, ਰਾਜਿੰਦਰ ਸਿੰਘ ਨੂੰ 261, ਕ੍ਰਿਸ਼ਨ ਸਿੰਘ ਨੂੰ 493, ਗੋਰਾ ਸਿੰਘ ਨੂੰ 337 ਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੀ ਪਤਨੀ (ਆਜ਼ਾਦ ਉਮੀਦਵਾਰ) ਮਨਜੀਤ ਕੌਰ ਨੂੰ 797 ਵੋਟਾਂ ਮਿਲੀਆਂ। ਇਸ ਤੋਂ ਇਲਾਵਾ 858 ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ।