Punjab Assembly Election 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਫਰਵਰੀ ਅਤੇ 16 ਅਤੇ 17 ਫਰਵਰੀ ਨੂੰ ਪੰਜਾਬ ਦੇ ਤਿੰਨ ਚੋਣ ਦੌਰੇ ਕਰਨਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਪੀਐਮ ਮੋਦੀ 5 ਜਨਵਰੀ ਨੂੰ ਪੰਜਾਬ ਆਏ ਸੀ ਪਰ ਪੀਐਮ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਦੀ ਘਟਨਾ ਤੋਂ ਬਾਅਦ ਉਹ ਸਮਾਗਮ ਵਾਲੀ ਥਾਂ ਨਹੀਂ ਪਹੁੰਚ ਸਕੇ ਸੀ। ਹੁਣ ਇੱਕ ਵਾਰ ਫਿਰ ਤੋਂ ਉਹ ਸਿਆਸੀ ਮਾਹੌਲ ਭਖਾਉਣ ਆ ਰਹੇ ਹਨ।
ਪੀਐਮ ਮੋਦੀ ਦੀ ਰੈਲੀ ਨੂੰ ਲੈ ਕੇ ਪੰਜਾਬ ਪੁਲਿਸ 14, 16 ਅਤੇ 17 ਫਰਵਰੀ ਨੂੰ ਮੋਦੀ ਦੇ ਪੰਜਾਬ ਦੌਰੇ ਲਈ ਸੁਰੱਖਿਆ ਪ੍ਰਬੰਧ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ। ਸੂਬੇ 'ਚ 20 ਫਰਵਰੀ ਨੂੰ ਚੋਣਾਂ ਹੋਣੀਆਂ ਹਨ ਅਤੇ ਇਸ ਸਮੇਂ ਹਰ ਪਾਰਟੀ ਦੇ ਦਿੱਗਜ ਆਪਣੀ ਪਾਰਟੀ ਨੂੰ ਜੇਤੂ ਬਣਾਉਣ ਲਈ ਪੂਰੇ ਜੋਰਾਂ ਸ਼ੋਰਾਂ ਨਾਲ ਪ੍ਰਚਾਰ ਕਰ ਰਹੀ ਹੈ।
ਪੰਜਾਬ ਪੁਲਿਸ ਵਲੋਂ ਸੁਰਖਿਆ ਦਾ ਪੁਖਤਾ ਪ੍ਰਬੰਧ
ਪੰਜਾਬ ਪੁਲਿਸ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨ ਵਿੱਚ ਲੱਗੀ ਹੋਈ ਹੈ। ਦੂਜੇ ਪਾਸੇ ਸੁਪਰੀਮ ਕੋਰਟ ਦੀ ਸੇਵਾਮੁਕਤ ਜੱਜ ਇੰਦੂ ਮਲਹੋਤਰਾ ਦੀ ਅਗਵਾਈ ਵਾਲੀ ਪੰਜ ਮੈਂਬਰੀ ਕਮੇਟੀ 5 ਜਨਵਰੀ ਦੀ ਘਟਨਾ ਦੀ ਜਾਂਚ ਰਿਪੋਰਟ ਨੂੰ ਅੰਤਿਮ ਰੂਪ ਦੇ ਰਹੀ ਹੈ। ਪੀਐਮ ਮੋਦੀ 5 ਜਨਵਰੀ ਨੂੰ ਪੰਜਾਬ ਦੌਰੇ 'ਤੇ ਸੀ। ਉਨ੍ਹਾਂ ਨੇ ਫਿਰੋਜ਼ਪੁਰ 'ਚ ਰੈਲੀ ਨੂੰ ਸੰਬੋਧਨ ਕਰਨਾ ਸੀ ਪਰ ਰਸਤੇ 'ਚ ਇੱਕ ਫਲਾਈਓਵਰ 'ਤੇ ਕਰੀਬ 20 ਮਿੰਟ ਰੁਕ ਕੇ ਵਾਪਸ ਪਰਤਣਾ ਪਿਆ।
ਪੀਐਮ ਮੋਦੀ ਦੇ ਦੌਰੇ ਨੂੰ ਲੈ ਕੇ ਪੰਜਾਬ ਪੁਲਿਸ ਨੇ ਜ਼ੋਰਦਾਰ ਤਿਆਰੀਆਂ ਕੀਤੀਆਂ ਹਨ। ਪੁਲਿਸ ਨੇ 5000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਹਨ। ਪਿਛਲੀ ਵਾਰ ਫਿਰੋਜ਼ਪੁਰ ਯਾਤਰਾ ਦੌਰਾਨ 10,000 ਜਵਾਨ ਤਾਇਨਾਤ ਕੀਤੇ ਗਏ ਸੀ। ਚੋਣਾਂ ਕਾਰਨ ਸੂਬੇ ਵਿੱਚ ਸੀਏਪੀਐਫ ਦੇ ਜਵਾਨ ਪਹਿਲਾਂ ਹੀ ਡਿਊਟੀ ਕਰ ਰਹੇ ਹਨ। ਯਾਤਰਾ ਵਿੱਚ ਰੋਡਵੇਜ਼ ਦੀ ਵਰਤੋਂ ਨੂੰ ਘੱਟ ਤੋਂ ਘੱਟ ਰੱਖਿਆ ਗਿਆ ਹੈ ਅਤੇ ਆਖਰੀ ਮਿੰਟ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿੱਚ ਤਿੰਨ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ। ਇਸ ਤਹਿਤ ਮਾਲਵਾ, ਦੁਆਬਾ ਅਤੇ ਮਾਝਾ ਖੇਤਰ ਕਵਰ ਕੀਤਾ ਜਾਵੇਗਾ। ਪੰਜਾਬ ਦੀ 117 ਮੈਂਬਰੀ ਵਿਧਾਨ ਸਭਾ ਦੀਆਂ ਚੋਣਾਂ 20 ਫਰਵਰੀ ਨੂੰ ਹੋਣ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਪਹਿਲੀ ਜਨ ਸਭਾ ਨੂੰ 14 ਫਰਵਰੀ ਨੂੰ ਜਲੰਧਰ, ਦੂਜੀ 16 ਫਰਵਰੀ ਨੂੰ ਪਠਾਨਕੋਟ ਅਤੇ ਤੀਜੀ 17 ਫਰਵਰੀ ਨੂੰ ਅਬੋਹਰ ਵਿੱਚ ਸੰਬੋਧਨ ਕਰਨਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin