Punjab Election: ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਧਾਰਮਿਕ ਡੇਰਿਆਂ ਦਾ ਅਹਿਮ ਰੋਲ ਰਹਿਣ ਵਾਲਾ ਹੈ। ਇਸ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਪਰ ਡੇਰਾ ਸਤਿਸੰਗ ਬਿਆਸ ਨੇ ਚੋਣਾਂ ਤੋਂ ਪਹਿਲਾਂ ਆਪਣੇ ਪੈਰੋਕਾਰਾਂ ਨੂੰ ਸਪਸ਼ਟ ਸਨੇਹਾ ਦਿੱਤਾ ਹੈ। ਡੇਰਾ ਬਿਆਸ ਨੇ ਸੰਗਤ ਨੂੰ ਆਪਣੀ ਮਰਜ਼ੀ ਤੇ ਸੂਝ-ਬੂਝ ਨਾਲ ਵੋਟ ਦਾ ਇਸਤੇਮਾਲ ਕਰਨ ਲਈ ਸੂਚਿਤ ਕੀਤਾ ਹੈ।
ਡੇਰੇ ਵੱਲੋਂ ਜਾਰੀ ਪੱਤਰ ਡੇਰਾ ਬਿਆਸ ਦੇ ਸਤਿਸੰਗ ਘਰਾਂ ਦੇ ਬਾਹਰ ਲਗਾ ਦਿੱਤਾ ਗਿਆ ਹੈ ਤਾਂ ਕਿ ਜੋ ਵੀ ਸੰਗਤ ਆਵੇ, ਇਸ ਨੂੰ ਪੜ੍ਹੇ ਤੇ ਅਮਲ ਕਰੇ। ਜਾਰੀ ਪੱਤਰ ਵਿੱਚ ਲਿਖਿਆ ਹੈ ਕਿ ਡੇਰਾ ਬਾਬਾ ਜੈਮਲ ਸਿੰਘ ਬਿਆਸ ਇੱਕ ਨਿਰੋਲ ਧਾਰਮਿਕ ਸੰਸਥਾ ਹੈ, ਜਿਸ ਦਾ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਜੇਕਰ ਕੋਈ ਰਾਜਨੀਤਿਕ ਪਾਰਟੀ ਡੇਰਾ ਬਿਆਸ ਦਾ ਨਾਮ ਵਰਤ ਕੇ ਵੋਟਾਂ ਮੰਗੇ ਤਾਂ ਤੁਰੰਤ ਡੇਰਾ ਬਿਆਸ ਨੂੰ ਦੱਸਿਆ ਜਾਵੇ ਤਾਂ ਕਿ ਕੋਈ ਵੀ ਰਾਜਨੀਤਕ ਪਾਰਟੀਆਪਣੇ ਨਿੱਜੀ ਸਵਾਰਥ ਲਈ ਡੇਰੇ ਨਾਲ ਜੁੜੀ ਸੰਗਤ ਨੂੰ ਨਾ ਵਰਤ ਸਕੇ।
ਪੱਤਰ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਡੇਰਾ ਕਿਸੇ ਵੀ ਸਿਆਸੀ ਪਾਰਟੀ ਦੀ ਹਮਾਇਤ ਜਾਂ ਵਿਰੋਧ ਨਹੀਂ ਕਰਦਾ, ਸੰਗਤ ਨੂੰ ਪੂਰਾ ਪੂਰਾ ਹੱਕ ਹੈ ਕਿ ਆਪਣੀ ਮਰਜ਼ੀ ਨਾਲ ਤੇ ਸੂਝ-ਬੂਝ ਨਾਲ ਵੋਟ ਦਾ ਇਸਤੇਮਾਲ ਕਰੇ। ਪੱਤਰ ਵਿੱਚ ਡੇਰੇ ਦੇ ਸੰਪਰਕ ਨੰਬਰ ਵੀ ਦਿੱਤੇ ਗਏ ਹਨ।
ਦੱਸ ਦਈਏ ਕਿ ਕਿ ਪਿਛਲੇ ਦਿਨੀਂ ਡੇਰਾ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਕਈ ਹੋਰ ਆਗੂਆਂ ਨੇ ਮੁਲਾਕਾਤ ਕੀਤੀ ਸੀ। ਇਸ ਕਰਕੇ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਸੀ ਪਰ ਡੇਰਾ ਬਿਆਸ ਨੇ ਆਪਣੇ ਪੈਰੋਕਾਰਾਂ ਨੂੰ ਸਪਸ਼ਟ ਸੁਨੇਹਾ ਦਿੱਤਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904