ਰਵਨੀਤ ਕੌਰ ਦੀ ਰਿਪੋਰਟ


Punjab Election 2022: ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ. ਕਰੁਣਾ ਰਾਜੂ ਨੂੰ ਪੱਤਰ ਲਿਖ ਕੇ ਪੂਰੇ ਪੰਜਾਬ 'ਚ ਈਵੀਐਮ ਦੀ ਪੂਰੀ ਸੁਰੱਖਿਆ ਤੇ ਹਰ ਸੰਭਵ ਕਦਮ ਉਠਾਉਣ ਲਈ ਕਿਹਾ ਹੈ। 'ਆਪ' ਨੇ ਈਵੀਐਮ ਤੇ ਮਤਗਣਨਾ ਕੇਂਦਰਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ।

'ਆਪ' ਆਗੂ ਹਰਪਾਲ ਸਿੰਘ ਚੀਮਾ ਨੇ ਸਟਰਾਂਗ ਰੂਮ 'ਚ ਸੀਸੀਟੀਵੀ ਕੈਮਰੇ ਲਾਉਣ, ਉਮੀਦਵਾਰਾਂ ਨਾਲ ਕੈਮਰਿਆਂ ਦਾ ਲਿੰਕ ਸਾਂਝਾ ਕਰਨ ਤੇ ਉਮੀਦਵਾਰਾਂ ਨੂੰ ਮਤਗਣਨਾ ਕੇਂਦਰਾਂ 'ਚ ਦਾਖਲ ਕਰਨ ਦੀ ਮਨਜ਼ੂਰੀ ਦੇਣ ਦੀ ਮੰਗ ਕੀਤੀ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਮਤਦਾਨ ਪ੍ਰਕਿਰਿਆ ਸ਼ਾਂਤੀਪੂਰਨ ਪੂਰੀ ਹੋ ਗਈ ਹੈ ਪਰ ਕਈ ਉਮੀਦਵਾਰਾਂ ਨੇ ਵੋਟਿੰਗ ਮਸ਼ੀਨਾਂ ਲਈ ਸੁਰੱਖਿਆ ਪ੍ਰਬੰਧ ਨਾ ਹੋਣ ਕਾਰਨ ਚਿੰਤਾ ਪ੍ਰਗਟਾਈ ਹੈ।

ਉਨ੍ਹਾਂ ਦੱਸਿਆ ਕਿ ਜਾਣਕਾਰੀ ਅਨੁਸਾਰ ਜਿਨ੍ਹਾਂ ਕੇਂਦਰਾਂ ਵਿੱਚ ਵੋਟਿੰਗ ਮਸ਼ੀਨਾਂ ਰੱਖੀਆਂ ਗਈਆਂ ਹਨ, ਉੱਥੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਹੀਂ ਹਨ। ਕਈ ਥਾਵਾਂ 'ਤੇ ਸੁਰੱਖਿਆ ਦੇ ਨਾਲ-ਨਾਲ ਰੋਸ਼ਨੀ ਦਾ ਵੀ ਪੁਖਤਾ ਪ੍ਰਬੰਧ ਨਹੀਂ ਹੈ। ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਟਿਆਲਾ ਤੋਂ ‘ਆਪ’ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਸ਼ਹਿਰ ਦੇ ਮਹਿੰਦਰਾ ਕਾਲਜ ਵਿਖੇ ਰੱਖੀਆਂ ਵੋਟਿੰਗ ਮਸ਼ੀਨਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਾ ਹੋਣ ‘ਤੇ ਚਿੰਤਾ ਪ੍ਰਗਟਾਈ ਹੈ।

ਕੋਹਲੀ ਅਨੁਸਾਰ ਮਹਿੰਦਰਾ ਕਾਲਜ ਦੀ ਇਮਾਰਤ ਵਿੱਚ ਲੋੜੀਂਦੇ ਸੁਰੱਖਿਆ ਕਰਮਚਾਰੀ ਤੇ ਰੋਸ਼ਨੀ ਨਹੀਂ ਹੈ। ਕਾਲਜ ਦਾ ਇੱਕ ਵੱਡਾ ਹਿੱਸਾ ਅਸੁਰੱਖਿਅਤ ਪਾਇਆ ਗਿਆ ਹੈ, ਜਿਸ ਕਾਰਨ ਕਾਲਜ ਵਿੱਚ ਰੱਖੀਆਂ ਮਸ਼ੀਨਾਂ ਨਾਲ ਕਿਸੇ ਵੀ ਤਰ੍ਹਾਂ ਛੇੜਛਾੜ ਕੀਤੀ ਜਾ ਸਕਦੀ ਹੈ। ਚੀਮਾ ਨੇ ਕਿਹਾ ਕਿ ਅਜਿਹੀਆਂ ਸ਼ਿਕਾਇਤਾਂ ਸਿਰਫ਼ ਪਟਿਆਲਾ ਤੋਂ ਹੀ ਨਹੀਂ ਸਗੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੀ ਮਿਲ ਰਹੀਆਂ ਹਨ, ਜਿਸ ਵੱਲ ਮੁੱਖ ਚੋਣ ਅਫ਼ਸਰ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ।

ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੂਬੇ ਦੇ ਮੁੱਖ ਚੋਣ ਅਧਿਕਾਰੀ ਤੋਂ ਮੰਗ ਕੀਤੀ ਹੈ ਕਿ ਸੂਬੇ ਦੇ ਉਨ੍ਹਾਂ ਸਾਰੇ ਕੇਂਦਰਾਂ ਨੂੰ ਤਿੰਨ-ਪੱਧਰੀ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਜਿੱਥੇ ਵੋਟਿੰਗ ਮਸ਼ੀਨਾਂ ਰੱਖੀਆਂ ਗਈਆਂ ਹਨ ਅਤੇ ਜਿਨ੍ਹਾਂ ਕੇਂਦਰਾਂ ਵਿੱਚ ਵੋਟਾਂ ਦੀ ਗਿਣਤੀ ਹੋਣੀ ਹੈ। ਕੇਂਦਰਾਂ ਦੇ ਅੰਦਰ ਤੇ ਬਾਹਰ ਲੋੜੀਂਦੀ ਰੋਸ਼ਨੀ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਨਾਲ ਹੀ ਸਾਰੇ ਕੇਂਦਰਾਂ ਦੇ ਆਲੇ ਦੁਆਲੇ ਸੀਸੀਟੀਵੀ ਕੈਮਰੇ ਲਗਾਏ ਜਾਣੇ ਚਾਹੀਦੇ ਹਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/apps/details?id=com.winit.starnews.hin
https://apps.apple.com/in/app/abp-live-news/id811114904