ਅੰਮ੍ਰਿਤਸਰ : ਅੰਮ੍ਰਿਤਸਰ ਦੇ 11 ਵਿਧਾਨ ਸਭਾ ਹਲਕਿਆਂ ਲਈ ਪੈਣ ਵਾਲੀਆਂ ਵੋਟਾਂ ਵਾਸਤੇ ਅੱਜ 2218 ਪੋਲਿੰਗ ਪਾਰਟੀਆਂ ਆਪਣੇ ਬੂਥਾਂ ’ਤੇ ਰਵਾਨਾ ਹੋ ਗਈਆਂ ਹਨ। ਜਿਲ੍ਹਾ ਚੋਣ ਅਧਿਕਾਰੀ  ਗੁਰਪ੍ਰੀਤ ਸਿੰਘ ਖਹਿਰਾ ਨੇ ਕਈ ਡਿਸਪੈਚ ਸੈਂਟਰਾਂ ’ਤੇ ਪਹੁੰਚ ਕਿ ਜਿਥੇ ਪ੍ਰਬੰਧਾਂ ਦਾ ਜਾਇਜਾ ਲਿਆ ,ਉਥੇ ਵੋਟਾਂ ਪਵਾਉਣ ਜਾ ਰਹੇ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਉਨਾਂ ਨੂੰ ਦਿੱਤੀ ਗਈ ਸਿਖਲਾਈ ਦਾ ਪੱਧਰ ਜਾਣਿਆ। 

 

ਖਹਿਰਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਜਿਥੇ ਸਾਰੇ ਬੂਥਾਂ 'ਤੇ ਜਾਣ ਵਾਲੀਆਂ ਪਾਰਟੀਆਂ ਲਈ ਵਾਹਨਾਂ ਦਾ ਪ੍ਰਬੰਧ ਕੀਤਾ ਹੈ, ਉਥੇ ਕਰਮਚਾਰੀਆਂ ਦੇ ਰਾਤ ਰਹਿਣ, ਖਾਣੇ ਅਤੇ ਹੋਰ ਜ਼ਰੂਰੀ ਲੋੜਾਂ ਦੇ ਪ੍ਰਬੰਧ ਵੀ ਕੀਤੇ ਹਨ। ਉਨਾਂ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਵਿੱਚ 19,79,932 ਵੋਟਰ ਆਪਣੇ ਵੋਟ ਹੱਕ ਦੀ ਵਰਤੋਂ ਕਰਨਗੇ ਜਿਸ ਵਿੱਚ 10,41,784 ਮਰਦ, 9,38,080 ਇਸਤਰੀਆਂ, 68 ਥਰਡ ਜੈਂਡਰ, 14918 ਵਿਸ਼ੇਸ਼ ਲੋੜਾਂ ਵਾਲੇ ਵੋਟਰ, 49279 ਵੱਡੇਰੀ ਉੱਮਰ ਵਾਲੇ ਵੋਟਰ ਸ਼ਾਮਲ ਹਨ। ਇਸ ਤੋਂ ਇਲਾਵਾ 30216 ਉਹ ਨੌਜਵਾਨ ਵੋਟਰ ਹਨ, ਜਿਨ੍ਹਾਂ ਨੇ ਪਹਿਲੀ ਵਾਰ ਆਪਣੀ ਵੋਟ ਪਾਉਣੀ ਹੈ।

 
ਖਹਿਰਾ ਨੇ ਦੱਸਿਆ ਕਿ ਵੋਟਾਂ ਪਵਾਉਣ ਦਾ ਕੰਮ 14,884 ਕਰਮਚਾਰੀ ਕਰ ਰਹੇ ਹਨ। ਜਿਸ ਵਿੱਚ 2886 ਪ੍ਰੋਜਾਇਡਿੰਗ ਅਫ਼ਸਰ, 2886 ਵਧੀਕ ਪ੍ਰੋਜਾਇਡਿੰਗ ਅਫ਼ਸਰ, 5780 ਪੋਲਿੰਗ ਅਫ਼ਸਰ ਸ਼ਾਮਲ ਹਨ। ਇਸ ਤੋਂ ਇਲਾਵਾ 2218 ਬੀ.ਐਲ.ਓ., 189 ਸੈਕਟਰ ਅਫ਼ਸਰ ਅਤੇ 925 ਮਾਈਕਰੋ ਅਬਜ਼ਰਵਰ ਵੀ ਇਸ ਕੰਮ ਲਈ ਤਾਇਨਾਤ ਕੀਤੇ ਗਏ ਹਨ। ਉਨਾਂ ਦੱਸਿਆ ਕਿ ਕਰਮਚਾਰੀਆਂ ਨੂੰ ਬਕਾਇਦਾ ਹਰੇਕ ਕੰਮ ਦੀ ਸਿਖਲਾਈ ਦਿੱਤੀ ਗਈ ਹੈ, ਤਾਂ ਜੋ ਕਿਧਰੇ ਵੀ ਕੋਈ ਮੁਸ਼ਕਿਲ ਨਾ ਆਵੇ।

 
ਖਹਿਰਾ ਨੇ ਦੱਸਿਆ ਕਿ ਹਰੇਕ ਬੂਥ ਲਈ ਇੰਜੀਨੀਅਰਾਂ ਦੁਆਰਾ ਪਾਸ ਕੀਤੀ ਗਈ ਵੋਟਿੰਗ ਮਸ਼ਨੀ ਭੇਜੀ ਗਈ ਹੈ। ਇਸ ਤੋਂ ਇਲਾਵਾ ਵਾਧੂ ਯੂਨਿਟ ਵੀ ਰਾਖਵੇਂ ਰੱਖੇ ਗਏ ਹਨ, ਤਾਂ ਜੋ ਜੇਕਰ ਕਿਸੇ ਮਸ਼ੀਨ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਉਸਨੂੰ ਕੁਝ ਹੀ ਮਿੰਟਾਂ ਵਿੱਚ ਤਬਦੀਲ ਕੀਤਾ ਜਾ ਸਕੇ। ਜਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਹਰੇਕ ਮਸ਼ੀਨ ਨਾਲ ਵੀ ਵੀ ਪੈਟ ਲਗਾਇਆ ਗਿਆ ਹੈ, ਜੋ ਕਿ ਦੱਸੇਗਾ ਕਿ ਤੁਸੀਂ ਜਿਸ ਉਮੀਦਵਾਰ ਨੂੰ ਵੋਟ ਪਾਈ ਹੈ, ਤੁਹਾਡੀ ਵੋਟ ਉਸ ਨੂੰ ਹੀ ਗਈ ਹੈ। ਉਨਾਂ ਦੱਸਿਆ ਕਿ ਹਰੇਕ ਬੂਥ ਤੋਂ ਸਿਧਾ ਪ੍ਰਸਾਸਰਨ ਕੈਮਰਿਆਂ ਨਾਲ ਹੀ ਕੀਤਾ ਜਾਵੇਗਾ, ਜੋ ਕਿ ਚੋਣ ਕਮਿਸ਼ਨ ਤੋਂ ਇਲਾਵਾ ਚੋਣ ਅਬਜ਼ਰਵਰ ਅਤੇ ਜਿਲ੍ਹੇ ਪੱਧਰ ’ਤੇ ਬੈਠੇ ਅਧਿਕਾਰੀ ਵੇਖ ਸਕਣਗੇ।