ਸ੍ਰੀ ਮੁਕਤਸਰ ਸਾਹਿਬ : 16ਵੀਂ ਵਿਧਾਨ ਸਭਾ ਦੇ ਗਠਨ ਲਈ ਕੁੱਲ 117 ਵਿਧਾਇਕਾਂ 'ਚੋਂ ਮੁਕਤਸਰ ਦੇ 4 ਵਿਧਾਨ ਸਭਾ ਹਲਕਿਆਂ (ਮੁਕਤਸਰ, ਗਿੱਦੜਬਾਹਾ, ਲੰਬੀ, ਮਲੋਟ) ਤੋਂ 4 ਵਿਧਾਇਕਾਂ ਦੀ ਚੋਣ ਲਈ ਬਣਾਏ ਗਏ 752 ਪੋਲਿੰਗ ਬੁੱਥਾਂ 'ਤੇ ਵੋਟਾਂ ਰਾਹੀਂ ਕੀਤੀ ਗਈ ਚੋਣ ਪ੍ਰਕਿਰਿਆ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਚਲਦਿਆਂ ਪੂਰੇ ਅਮਨ ਅਮਾਨ ਨਾਲ ਨਿਬੜੀ।
ਭਾਵੇਂ ਸਵੇਰੇ 11 ਵਜੇ ਤੱਕ ਚਾਰੇ ਵਿਧਾਨ ਸਭਾ ਹਲਕਿਆਂ ਵਿਚ ਸੂਬੇ ਦੇ ਹੋਰ ਸਾਰੇ ਜ਼ਿਲਿਆਂ ਦੇ ਮੁਕਾਬਲੇ ਮੁਕਤਸਰ ਜ਼ਿਲ੍ਹੇ ਵਿਚ ਸਭ ਤੋਂ ਵੱਧ ਪੋਲਿੰਗ 23.34 ਪ੍ਰਤੀਸ਼ਤ ਦਰਜ਼ ਹੋਈ ਸੀ ਪਰ ਸ਼ਾਮ ਤੱਕ (6:30 ਵਜੇ) ਇਹ ਪ੍ਰਤੀਸ਼ਤ ਪਹੁੰਚ ਕੇ 78% ਹੋ ਗਈ। ਡਿਪਟੀ ਕਮਿਸ਼ਨਰ ਦੇ ਦੱਸਿਆ ਕਿ ਸ਼ਾਮ 6 ਵਜੇ ਤੋਂ ਬਾਅਦ ਤੱਕ ਤਕਰੀਬਨ 4500 ਵੋਟਰ ਹਾਲੇ ਵੀ ਵੱਖ -ਵੱਖ ਪੋਲਿੰਗ ਬੂਥਾਂ 'ਤੇ ਵੋਟਾਂ ਪਾਉਣ ਦਾ ਇੰਤਜਾਰ ਕਰ ਰਹੇ ਸਨ, ਜਿਸ ਉਪਰੰਤ ਦੇਰ ਰਾਤ ਅਸਲ ਪੋਲ ਪ੍ਰਤੀਸ਼ਤ ਪ੍ਰਾਪਤ ਹੋਵੇਗੀ।
ਚੋਣਾਂ ਦੀ ਅੱਜ ਦੀ ਅਹਿਮ ਪ੍ਰਕਿ੍ਰਆ ਨੂੰ ਨਿਰਵਿਘਨ, ਬਿਨਾਂ ਕਿਸੇ ਦਬਾਅ ਅਤੇ ਡਰ ਤੋਂ ਸੁੱਚਜੇ ਢੰਗ ਨਾਲ ਨੇਪਰੇ ਚਾੜਾਉਣ ਲਈ ਡਿਪਟੀ ਕਮਿਸ਼ਨਰ ਨੇ ਅੱਗੇ ਹੋ ਕੇ ਮੋਰਚਾ ਸੰਭਾਲਦਿਆਂ ਹਰ ਕਿਸਮ ਦੀ ਛੋਟੀ ਵੱਡੀ ਸ਼ਿਕਾਇਤ ਤੇ ਖੁੱਦ ਨਿਗਰਾਨੀ ਰੱਖੀ। ਇਨਾਂ ਹੀ ਨਹੀਂ ਉਹ ਇੱਕ ਜੁਬਾਨੀ ਮੋਬਾਇਲ ਫੋਨ ਤੇ ਮਿਲੀ ਸ਼ਿਕਾਇਤ ਦੇ ਚੱਲਦਿਆਂ ਚੰਦ ਮਿੰਟਾਂ ਵਿਚ ਖੁਦ ਸਬੰਧਤ ਪੋਲਿੰਗ ਬੂਥ ਵਿਚ ਪਹੁੰਚ ਗਏ। ਇਸ ਤੁਰੰਤ ਕਾਰਵਾਈ ਦੇ ਚੱਲਦਿਆਂ ਸ਼ਿਕਾਇਤ ਕਰਤਾ ਪੱਖ ਦੇ ਬੰਦੇ ਕਿਸੇ ਵੀ ਕਿਸਮ ਦੀ ਵਧੀਕੀ ਬਾਰੇ ਸਪੱਸ਼ਟ ਨਹੀਂ ਕਰ ਸਕੇ ।
ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਚੋਣਾਂ ਦੀ ਪ੍ਰਕਿ੍ਰਆ ਨੂੰ ਅਫਵਾਹਾਂ ਫੈਲਾ ਕੇ ਖ਼ਰਾਬ ਨਾ ਕੀਤਾ ਜਾਵੇ। ਚੋਣ ਪ੍ਰਕਿ੍ਰਆ ਦੇ ਮੁਕੱਮਲ ਹੋਣ ਉਪਰੰਤ ਦੇਰ ਸ਼ਾਮ ਤੱਕ ਚਾਰੇ ਹਲਕਿਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੁਕਤਸਰ ਵਿਖੇ ਤਕਰੀਬਨ (73%),ਗਿੱਦੜਬਾਹਾ ਵਿਖੇ ਤਕਰੀਬਨ (86% ) , ਲੰਬੀ ਵਿਖੇ ਤਕਰੀਬਨ (78%) ਅਤੇ ਮਲੋਟ ਵਿਖੇ ਤਕਰੀਬਨ (72%) ਵੋਟਾਂ ਭੁਗਤਾਇਆਂ ਗਈਆਂ।
ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸੂਦਨ ਨੇ ਦੱਸਿਆ ਕਿ ਜ਼ਿਲੇ ਦੇ ਚਾਰੇ ਹਲਕਿਆਂ ਵਿਚ ਸੁਰੱਖਿਆਂ ਪ੍ਰਬੰਧਾਂ, ਕੋਰੋਨਾ ਨਿਯਮਾਂ, ਪਹਿਲੀ ਵਾਰ ਵੋਟ ਪਾਉਣ ਆਏ ਨੋਜਵਾਨ ਵੋਟਰਾਂ, ਬੁਜੁਰਗ ਵੋਟਰਾਂ ਅਤੇ ਕੋਰੋਨਾ ਨਾਲ ਗ੍ਰਸਤ ਮਰੀਜ਼ਾਂ ਵੱਲੋ ਮੱਤਦਾਨ ਕੀਤੇ ਜਾਣ ਦਾ ਬਹੁਤ ਹੀ ਬਰੀਕੀ ਨਾਲ ਕੀਤੇ ਪ੍ਰਬੰਧਾਂ ਦੇ ਚੱਲਦਿਆਂ ਖਾਸ ਖਿਆਲ ਰੱਖਿਆ ਗਿਆ।
ਅੱਜ ਸਵੇਰ ਤੋਂ ਹੀ ਚੋਣ ਪ੍ਰਕਿਰਿਆ ਦੀ ਨਿਗਰਾਣੀ ਲਈ ਚੋਣ ਓਬਜ਼ਰਵਰਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਸੰਦੀਪ ਕੁਮਾਰ ਮਲਿਕ ਨੇ ਵੱਖ -ਵੱਖ ਪੋਲਿੰਗ ਬੂਥਾਂ ਅਤੇ ਸਵੇਦਨਸ਼ੀਲ ਇਲਾਕਿਆਂ ਦਾ ਦੌਰਾਂ ਕੀਤਾ ਅਤੇ ਸਥਿਤੀ ਦਾ ਜਾਇਜਾ ਵੀ ਲਿਆ। ਜ਼ਿਲ੍ਹਾ ਚੋਣ ਅਫ਼ਸਰ ਨੇ ਅਮਨ ਅਮਾਨ ਨਾਲ ਵੋਟ ਪ੍ਰਕਿਰਿਆ ਮੁਕੰਮਲ ਹੋਣ 'ਤੇ ਸਮੂਹ ਜ਼ਿਲ੍ਹਾ ਵਾਸੀਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।