Punjab Election 2022: ਪੰਜਾਬ ਵਿਧਾਨ ਸਭਾ ਚੋਣਾਂ 'ਚ ਕਿਹੜੀ ਪਾਰਟੀ ਨੂੰ ਬਹੁਮਤ ਮਿਲੇਗਾ, ਇਸ ਦੀ ਤਸਵੀਰ 10 ਮਾਰਚ ਨੂੰ ਸਪੱਸ਼ਟ ਹੋਏਗੀ ਪਰ ਦਿਲਚਸਪ ਗੱਲ ਹੈ ਕਿ ਸਿਰਫ ਆਮ ਆਦਮੀ ਪਾਰਟੀ (ਆਪ) ਹੀ ਪੂਰੇ ਭਰੋਸੇ ਨਾਲ ਦਾਅਵਾ ਕਰ ਰਹੀ ਹੈ ਕਿ ਸਰਕਾਰ ਉਨ੍ਹਾਂ ਦੀ ਹੀ ਬਣ ਰਹੀ ਹੈ। ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਨੇ ਬਹੁਮਤ ਨਾਲ ਮਿਲਣ ਦੀ ਸੂਰਤ ਵਿੱਚ ਕਿਸੇ ਧਿਰ ਨਾਲ ਗੱਠਜੋੜ ਦੀਆਂ ਕਿਆਸਰਾਈਆਂ ਤੋਂ ਵੀ ਸਾਫ ਇਨਕਾਰ ਕਰ ਦਿੱਤਾ ਹੈ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਹੁਣ ਤੋਂ ਹੀ ਸੱਤਾ ਵਿੱਚ ਆਉਣ ਮਗਰੋਂ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਭਰੋਸੇ ਨਾਲ ਬਿਆਨ ਦੇ ਰਹੀ ਹੈ। ਫਿਲਹਾਲ 'ਆਪ' ਨੂੰ ਛੱਡ ਕੇ ਪੰਜਾਬ 'ਚ ਵੋਟਿੰਗ ਤੋਂ ਬਾਅਦ ਪੰਜਾਬ ਦੀਆਂ ਹੋਰ ਸਿਆਸੀ ਪਾਰਟੀਆਂ ਦੇ ਆਗੂ ਚੁੱਪ ਹਨ। ਇੱਥੋਂ ਤੱਕ ਕਿ ਦੂਜੀਆਂ ਪਾਰਟੀਆਂ ਦੇ ਲੀਡਰ ਦੱਬੀ ਸਿਰ ਵਿੱਚ ਬਹੁਮਤ ਨਾਲ ਮਿਲਣ ਦੀ ਸੂਰਤ ਵਿੱਚ ਹੋਰ ਧਿਰਾਂ ਨਾਲ ਗੱਠਜੋੜ ਦੀ ਗੱਲ ਵੀ ਕਬੂਲ ਰਹੇ ਹਨ।
ਉਧਰ, ਚੋਣਾਂ ਮਗਰੋਂ ਕੋਈ ਵੀ ਦਿਨ ਅਜਿਹਾ ਨਹੀਂ ਲੰਘਿਆਂ ਜਦੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇਦਾਰ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੱਲੋਂ ਕੋਈ ਬਿਆਨ ਜਾਰੀ ਨਾ ਕੀਤਾ ਗਿਆ ਹੋਵੇ। ਇਸ ਵਿੱਚ ਦੋਵੇਂ ਆਗੂਆਂ ਵੱਲੋਂ 10 ਮਾਰਚ ਨੂੰ ਚੋਣ ਜਿੱਤਣ ਤੋਂ ਬਾਅਦ ਸਰਕਾਰ ਵੱਲੋਂ ਚੁੱਕੇ ਜਾਣ ਵਾਲੇ ਫੌਰੀ ਕਦਮਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਲਈ ਵੋਟ ਕੀਤਾ ਹੈ ਤੇ ਉਨ੍ਹਾਂ ਦੀ ਪਾਰਟੀ ਨੂੰ ਪੂਰਾ ਭਰੋਸਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਭਾਰੀ ਬਹੁਮਤ ਨਾਲ ਬਣਨ ਜਾ ਰਹੀ ਹੈ। ਇਸ ਕਰਕੇ ਸਿਆਸੀ ਗੱਠਬੰਧਨ ਉਨ੍ਹਾਂ ਦਾ ਏਜੰਡਾ ਨਹੀਂ ਸਗੋਂ 'ਆਪ' ਇਸ ਵੇਲੇ ਪੰਜਾਬ ਦੇ ਵਿਕਾਸ ਲਈ ਰਣਨੀਤੀ ਤਿਆਰ ਕਰ ਰਹੀ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਹਮੇਸ਼ਾ ਰਾਜਨੀਤਕ ਜੋੜ ਘਟਾਓ ਵਿੱਚ ਹੀ ਪਈਆਂ ਰਹਿੰਦੀਆਂ ਹਨ ਤੇ ਆਮ ਲੋਕਾਂ ਤੋਂ ਬਹੁਤ ਦੂਰ ਹੁੰਦੀਆਂ ਹਨ ਪਰ ਇੱਥੇ ਹੀ ਆਮ ਆਦਮੀ ਪਾਰਟੀ ਇਨ੍ਹਾਂ ਨਾਲੋਂ ਵੱਖਰੀ ਹੈ।