Punjab Assembly Elections 2022 : ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ (Assembly Elections 2022) ਨੂੰ ਲੈ ਕੇ ਸਿਆਸੀ ਪਾਰਟੀਆਂ ਲਗਾਤਾਰ ਚੋਣ ਪ੍ਰਚਾਰ ਕਰ ਰਹੀਆਂ ਹਨ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭੱਖ ਚੁੱਕਾ ਹੈ ਤੇ ਪੰਜਾਬ ਦੀ ਲੀਡਰਸ਼ਿਪ ਦੇ ਨਾਲ -ਨਾਲ ਸੈਂਟਰ ਦੀ ਲੀਡਰਸ਼ਿਪ ਵੱਲੋਂ ਵੀ ਚੋਣ ਪ੍ਰਚਾਰ 'ਚ ਹਿੱਸਾ ਲਿਆ ਜਾ ਰਿਹਾ ਹੈ।
ਕਾਂਗਰਸ ਦੀ ਕੇਂਦਰੀ ਵਰਕਿੰਗ ਕਮੇਟੀ ਦੀ ਜਰਨਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਕੱਲ ਨੂੰ ਪੰਜਾਬ ਦੌਰੇ 'ਤੇ ਆ ਰਹੇ ਹਨ। ਜਿੱਥੇ ਪਹਿਲਾ ਪ੍ਰੋਗਰਾਮ ਕੋਟਕਪੂਰਾ ਦੀ ਦਾਣਾ ਮੰਡੀ 'ਚ ਰੱਖਿਆ ਗਿਆ ਹੈ ਅਤੇ ਪ੍ਰਿਯੰਕਾ ਗਾਂਧੀ ਦੇ ਦੌਰੇ ਨੂੰ ਲੈ ਕੇ ਰੱਖੀ ਰੈਲੀ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਪੁਲਿਸ ਵੱਲੋਂ ਵੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਜ਼ਾ ਰਿਹਾ ਹੈ।
ਇਸ ਮੌਕੇ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਕੱਲ ਕੋਟਕਪੂਰਾ ਦੇ ਕਾਂਗਰਸੀ ਉਮੀਦਵਾਰ ਅਜੈਪਾਲ ਸੰਧੂ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਪੁਹੰਚ ਰਹੇ ਹਨ। ਜਿਸ ਨੂੰ ਲੈ ਕੇ ਕਾਂਗਰਸੀ ਵਰਕਰਾਂ 'ਚ ਕਾਫੀ ਉਤਸਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਦੀ ਪਾਲਣਾ ਕਰਦੇ ਹੋਏ ਸਾਡੇ ਵੱਲੋਂ 900 ਬੰਦਿਆ ਦੇ ਬੈਠਣ ਲਈ ਕੁਰਸੀਆਂ ਲਗਾਈਆਂ ਜਾ ਰਹੀਆਂ ਹਨ। ਬਾਕੀ ਸਾਡੇ ਵਰਕਰਾਂ 'ਚ ਕਾਫੀ ਉਤਸਾਹ ਹੈ' ਜੋ ਆਪ ਮੁਹਾਰੇ ਰੈਲੀ 'ਚ ਪਹੁੰਚਣ ਲਈ ਉਤਾਵਲੇ ਹਨ।
ਉਨ੍ਹਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਦੇ ਆਉਣ ਨਾਲ ਕਾਫੀ ਬਲ ਮਿਲੇਗਾ ਅਤੇ ਇਸ ਵਾਰ ਫਿਰ ਤੋਂ ਕਾਂਗਰਸ ਦੀ ਸਰਕਾਰ ਪੰਜਾਬ ਦੀ ਸੱਤਾ ਸੰਭਾਲੇਗੀ। ਡੀਐਸਪੀ ਰਮਨਦੀਪ ਸਿੰਘ ਨੇ ਕਿਹਾ ਕਿ ਸੁਰੱਖਿਆ ਦੇ ਪ੍ਰਬੰਧਾਂ ਲਈ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਇਕ ਮੋਕ ਡਰਿਲ ਰਿਹਰਸਲ ਵੀ ਕੀਤੀ ਜਾਵੇਗੀ, ਜਿਸ ਦਾ ਸ਼ਾਇਦ ਡੀਆਈਜੀ ਸਾਹਿਬ ਵੀ ਜਾਇਜ਼ਾ ਲੈਣਗੇ ਅਤੇ ਚੋਣ ਜ਼ਾਬਤੇ ਦੀ ਪਾਲਣਾ ਕਰਵਾਈ ਜਾਵੇਗੀ।
ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਵੱਲੋਂ ਪ੍ਰਿਯੰਕਾ ਗਾਂਧੀ ਪੰਜਾਬ 'ਚ ਰੈਲੀਆਂ ਨੂੰ ਸੰਬੋਧਨ ਕਰਨ ਲਈ ਆਵੇਗੀ। ਪ੍ਰਿਯੰਕਾ ਗਾਂਧੀ ਸਭ ਤੋਂ ਪਹਿਲਾਂ 11 ਵਜੇ ਕੋਟਕਪੂਰਾ ਵਿਖੇ ਇੱਕ ਪਬਲਿਕ ਮੀਟਿੰਗ ਵਿੱਚ ਹਿੱਸਾ ਲਵੇਗੀ, ਇਸ ਤੋਂ ਬਾਅਦ 1 ਵਜੇ ਸੰਗਰੂਰ ਜ਼ਿਲ੍ਹੇ ਦੇ ਹਲਕਾ ਧੂਰੀ 'ਚ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੇ ਹੱਕ 'ਚ ਚੋਣ ਪ੍ਰਚਾਰ ਕਰਨਗੇ। ਪ੍ਰਿਯੰਕਾ ਗਾਂਧੀ ਸਾਢੇ 3 ਵਜੇ ਡੇਰਾਬਸੀ ਵਿਖੇ ਇੱਕ ਰੋਡ ਸ਼ੋਅ ਵਿੱਚ ਹਿੱਸਾ ਲਵੇਗੀ।
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਦੀ ਇਸ ਫੇਰੀ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪ੍ਰਿਯੰਕਾ ਗਾਂਧੀ ਤੋਂ ਪਹਿਲਾ ਰਾਹੁਲ ਗਾਂਧੀ ਨੇ 2 ਵਾਰ ਫਿਜ਼ੀਕਲ ਰੈਲੀ ਕੀਤੀ ਸੀ। ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ਵੀ ਇਕ ਵਾਰ ਵਰਚੁਅਲ ਰੈਲੀ ਕਰਨ ਤੋਂ ਬਾਅਦ ਪੰਜਾਬ ਆ ਰਹੇ ਹਨ। ਇਸ ਦੇ ਤਹਿਤ ਭਾਜਪਾ ਵੱਲੋਂ ਮੋਦੀ ਦੀ ਰੈਲੀ ਲਈ 14 ਤੋਂ 17 ਤਾਰੀਖ਼ ਤੱਕ ਜਲੰਧਰ, ਪਠਾਨਕੋਟ ਅਤੇ ਅਬੋਹਰ ਦਾ ਸ਼ਡਿਊਲ ਫਾਈਨਲ ਕੀਤਾ ਗਿਆ ਹੈ।