ਚੰਡੀਗੜ੍ਹ: ਬੀਜੇਪੀ ਪੰਜਾਬ ਅੰਦਰ ਆਪਣੀਆਂ ਜੜ੍ਹਾਂ ਲਾਉਣ ਲਈ ਵੱਡੀ ਤਿਆਰੀ ਕਰ ਰਹੀ ਹੈ। ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਬੀਜੇਪੀ ‘ਮਿਸ਼ਨ 2024’ ਲਈ ਜੁੱਟ ਜਾਏਗੀ। ਇਸ ਤਹਿਤ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਤੱਕ ਪਹੁੰਚ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਬਾਰੇ ਬੀਜੇਪੀ ਨੇ ਵੀਰਵਾਰ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉੱਤਰੇ ਪਾਰਟੀ ਉਮੀਦਵਾਰਾਂ ਤੇ ਚੋਣ ਏਜੰਟਾਂ ਨਾਲ ਮੀਟਿੰਗ ਕੀਤੀ।

ਇਸ ਦੌਰਾਨ ਚੋਣ ਨਤੀਜਿਆਂ ਤੋਂ ਪਹਿਲਾਂ ਬੀਜੇਪੀ ਨੇ ਪਾਰਟੀ ਉਮੀਦਵਾਰਾਂ ਤੋਂ ਚੋਣਾਂ ਦੀ ਫੀਡ ਬੈਕ ਲਈ ਤੇ ਵੋਟਾਂ ਦੀ ਗਿਣਤੀ ਸਬੰਧੀ ਹਦਾਇਤਾਂ ਵੀ ਦਿੱਤੀਆਂ। ਭਾਜਪਾ ਦੇ ਪੰਜਾਬ ਇੰਚਾਰਜ ਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਪਾਰਟੀ ਉਮੀਦਵਾਰਾਂ ਤੇ ਆਗੂਆਂ ਨੂੰ ਸੱਦਾ ਦਿੱਤਾ ਕਿ ਉਹ 11 ਮਾਰਚ ਤੋਂ ਹੀ ‘ਮਿਸ਼ਨ 2024’ ਦੀ ਤਿਆਰੀ ਵਿੱਚ ਜੁੱਟ ਜਾਣ।

ਕੇਂਦਰੀ ਮੰਤਰੀ ਸ਼ੇਖਾਵਤ ਨੇ ਪੰਜਾਬ ਚੋਣਾਂ ਦੇ ਤਜਰਬੇ ਨੂੰ ਚੰਗਾ ਦੱਸਦਿਆਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਪੰਜਾਬ ’ਚ ਪਾਰਟੀ ਨੇ ਬੀਜ ਨੂੰ ਬੀਜ ਦਿੱਤਾ ਹੈ ਤੇ ਹੁਣ ਇਸ ਦਾ ਬੋਹੜ ਬਣਾਉਣ ਲਈ ਪਾਰਟੀ ਦੇ ਆਗੂ ਤੇ ਵਰਕਰ ਦਿਨ-ਰਾਤ ਜੁੱਟ ਜਾਣ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪੰਜਾਬ ਵਿੱਚ ਬੜੇ ਔਖੇ ਹਾਲਤ ਦੌਰਾਨ ਚੋਣ ਲੜੀ ਹੈ। ਆਗੂਆਂ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਭਾਜਪਾ ਦਾ ਝੰਡਾ ਤੇ ਡੰਡਾ ਹਰ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਪੁੱਜਿਆ ਹੈ, ਇਹ ਵੀ ਵੱਡੀ ਪ੍ਰਾਪਤੀ ਹੈ।

ਸ਼ੇਖਾਵਤ ਨੇ ਕਿਹਾ ਕਿ ਪੰਜਾਬ ਦੇ ਜਿਨ੍ਹਾਂ ਪਿੰਡਾਂ ਵਿੱਚ ਇਨ੍ਹਾਂ ਚੋਣਾਂ ’ਚ ਪੋਲਿੰਗ ਬੂਥ ਨਹੀਂ ਲੱਗਾ, ਉਨ੍ਹਾਂ ਪਿੰਡਾਂ ਦੀ ਸ਼ਨਾਖ਼ਤ ਕਰਕੇ ਉੱਥੇ ਜ਼ਿਆਦਾ ਧਿਆਨ ਦਿੱਤਾ ਜਾਵੇ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨਾਂ, ਚੋਣ ਕਮੇਟੀਆਂ ਦੇ ਇੰਚਾਰਜਾਂ ਨਾਲ ਵੀ ਵੱਖਰੀ ਮੀਟਿੰਗ ਕੀਤੀ ਗਈ, ਜਿਸ ਵਿੱਚ ਪਾਰਟੀ ਤੋਂ ਨਾਰਾਜ਼ ਆਗੂਆਂ ਤੇ ਵਰਕਰਾਂ ਦੀ ਸੂਚੀ ਮੰਗੀ ਗਈ।

ਇਸ ਦੌਰਾਨ ਪੰਜਾਬ ਦੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਰਕਾਰ ਬਣਾਉਣ ਲਈ ਚੋਣਾਂ ਲੜੀਆਂ ਹਨ ਤੇ ਵੋਟਰਾਂ ਨੇ ਜਿਸ ਤਰ੍ਹਾਂ ਖੁੱਲ੍ਹੇ ਮਨ ਨਾਲ ਭਾਜਪਾ ਦਾ ਸਮਰਥਨ ਕੀਤਾ ਹੈ, ਉਸ ਤੋਂ ਆਖ ਸਕਦੇ ਹਾਂ ਕਿ ਭਾਜਪਾ ਪੰਜਾਬ ਵਿਚ ਸਰਕਾਰ ਬਣਾਏਗੀ। 


ਇਹ ਵੀ ਪੜ੍ਹੋ: ਪ੍ਰੋ. ਦਵਿੰਦਰਪਾਲ ਭੁੱਲਰ ਦੀ ਰਿਹਾਈ 'ਤੇ ਰੇੜਕਾ, ਮਨਿੰਦਰਜੀਤ ਬਿੱਟਾ ਵੱਲੋਂ ਰਿਹਾਈ ਖਿਲਾਫ ਸੁਪਰੀਮ ਕੋਰਟ ਜਾਣ ਦੀ ਚੇਤਾਵਨੀ