Punjab Elections Result 2022: ਪੰਜਾਬ 'ਚ ਆਮ ਆਦਮੀ ਪਾਰਟੀ ਨੇ ਕਲੀਨ ਸਵੀਪ ਕਰਦੇ ਹੋਏ 92 ਸੀਟਾਂ ਨਾਲ ਹੁੰਝਾ ਫੇਰ ਜਿੱਤ ਦਰਜ ਕਰ ਦਿੱਤੀ ਹੈ। 'ਆਪ' ਦੇ ਉਮੀਦਵਾਰਾਂ ਨੇ ਇਤਿਹਾਸ ਰਚਦੇ ਹੋਏ ਵੱਡੇ ਦਿੱਗਜਾਂ ਨੂੰ ਮਾਤ ਦਿੱਤੀ ਹੈ। ਬਿਕਰਮ ਸਿੰਘ ਮਜੀਠੀਆ, ਨਵਜੋਤ ਸਿੰਘ ਸਿੱਧੂ, ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਵਰਗੇ ਦਿੱਗਜਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਮਾਤ ਦਿੱਤੀ ਹੈ।
ਸੰਗਰੂਰ ਵਿੱਚ ਆਮ ਆਦਮੀ ਪਾਰਟੀ ਦੇ ਸੀਐਮ ਉਮੀਦਵਾਰ ਭਗਵੰਤ ਮਾਨ ਨੇ ਵੱਡੀ ਜਿੱਤ ਹਾਸਲ ਕੀਤੀ। ਧੂਰੀ ਸੀਟ ਤੋਂ ਜਿੱਤ ਦਰਜ ਕਰਨ ਤੋਂ ਬਾਅਦ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਪੰਜਾਬੀਆਂ ਦਾ ਧੰਨਵਾਦ ਕੀਤਾ । ਇਸ ਦੌਰਾਨ ਉਹਨਾਂ 'ਆਪ' ਦੀ ਸਰਕਾਰ ਦੇ ਮੰਤਰੀ ਰਾਜਭਵਨ'ਚ ਨਹੀਂ ਬਲਕਿ ਖਟਕੜਕਲਾਂ 'ਚ ਸਹੁੰ ਚੁੱਕਣਗੇ। ਉਹਨਾਂ ਕਿਹਾ ਕਿ ਕਿਸੇ ਵੀ ਦਫਤਰ 'ਚ ਆਗੂਆਂ ਦੀ ਫੋਟੋ ਨਹੀਂ ਲੱਗੇਗੀ ਬਲਕਿ ਭਗਤ ਸਿੰਘ ਅਤੇ ਬਾਬਾ ਸਾਹਿਬ ਦੀਆਂ ਫੋਟੋਆਂ ਲੱਗਣਗੀਆਂ।
ਲੰਬੀ ਵਿਧਾਨ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਨੂੰ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਹਰਾਇਆ । ਆਪ ਦੇ ਖੁੱਡੀਆਂ ਨੇ 11,396 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ। ਜਿੱਤ ਦੇ ਬਾਅਦ ਗੁਰਮੀਤ ਸਿੰਘ ਖੁੱਡੀਆਂ ਨੇ ਜਿੱਤ ਦਾ ਸਿਹਰਾ ਲੋਕਾਂ ਨੂੰ ਦਿੰਦਿਆਂ ਕਿਹਾ, ''ਇਹ ਲੋਕਾਂ ਦੀ ਜਿੱਤ ਹੈ। ਨੌਜਵਾਨਾਂ ਨੇ ਨਵਾਂ ਇਨਕਲਾਬ ਲਿਆਂਦਾ ਹੈ। ਪਹਿਲੇ ਦਿਨ ਤੋਂ, ਲੋਕ ਮੇਰੇ ਨਾਲ ਚੱਲਦੇ ਹਨ। ਅਤੇ ਮੇਰਾ ਸਮਰਥਨ ਕਰਦੇ ਹਨ।"
ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਸੰਸਥਾਪਕ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ 19,873 ਵੋਟਾਂ ਦੇ ਫਰਕ ਨਾਲ ਹਾਰ ਗਏ। ਕੈਪਟਨ ਨੇ ਟਵੀਟ ਕਰਕੇ ਲਿਖਿਆ, ''ਮੈਂ ਲੋਕਾਂ ਦੇ ਫੈਸਲੇ ਨੂੰ ਪੂਰੀ ਨਿਮਰਤਾ ਨਾਲ ਸਵੀਕਾਰ ਕਰਦਾ ਹਾਂ।
ਪੰਜਾਬ ਦੇ ਮੋਗਾ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਮਾਲਵਿਕਾ ਸੂਦ ਨੂੰ ‘ਆਪ’ ਦੀ ਡਾ: ਅਮਨਦੀਪ ਕੌਰ ਅਰੋੜਾ ਨੇ 20 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਹੈ।
ਪੰਜਾਬ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਅਤੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦੋਵਾਂ ਸੀਟਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਚਰਨਜੀਤ ਸਿੰਘ ਚੰਨੀ ਭਦੌੜ ਅਤੇ ਚਮਕੌਰ ਸਾਹਿਬ ਦੋਵਾਂ ਸੀਟਾਂ ਤੋਂ ਹਾਰ ਗਏ ਹਨ। ਚੰਨੀ ਨੂੰ ਭਦੌੜ ਸੀਟ ਤੋਂ 26409 ਵੋਟਾਂ ਮਿਲੀਆਂ। ਚੰਨੀ ਨੂੰ ਚਮਕੌਰ ਸਾਹਿਬ ਤੋਂ 62306 ਵੋਟਾਂ ਮਿਲੀਆਂ।