ਸੰਗਰੂਰ : ਸੰਗਰੂਰ ਲੋਕ ਸਭਾ ਸੀਟ ਲਈ ਅੱਜ ਜ਼ਿਮਨੀ ਚੋਣ ਹੋ ਰਹੀ ਹੈ। ਇੱਥੇ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋਵੇਗੀ, ਜੋ ਸ਼ਾਮ 6 ਵਜੇ ਤੱਕ ਚੱਲੇਗੀ। ਪੋਲਿੰਗ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਸੀਟ 'ਤੇ ਆਮ ਆਦਮੀ ਪਾਰਟੀ (ਆਪ), ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਚਾਲੇ ਮੁਕਾਬਲਾ ਹੈ। ਵੋਟਾਂ ਦੀ ਗਿਣਤੀ 26 ਜੂਨ ਨੂੰ ਹੋਵੇਗੀ। 


 

ਸੰਗਰੂਰ ਸੀਟ 'ਤੇ ਕੁੱਲ 15 ਲੱਖ 69 ਹਜ਼ਾਰ 240 ਵੋਟਰ ਹਨ। ਜਿਸ ਵਿੱਚ 8 ਲੱਖ 30 ਹਜ਼ਾਰ 56 ਪੁਰਸ਼ ਅਤੇ 7 ਲੱਖ 39 ਹਜ਼ਾਰ 140 ਮਹਿਲਾ ਵੋਟਰ ਹਨ। ਇਹ ਉਪ ਚੋਣ ਆਮ ਆਦਮੀ ਪਾਰਟੀ ਲਈ ਬਹੁਤ ਅਹਿਮ ਹੈ। ਪੰਜਾਬ 'ਚ ਸਰਕਾਰ ਬਣਨ ਤੋਂ ਕਰੀਬ 100 ਦਿਨ ਬਾਅਦ 'ਆਪ' ਦੀ ਇਹ ਪਹਿਲੀ ਚੋਣ ਹੈ। ਜੇਕਰ ਆਮ ਆਦਮੀ ਪਾਰਟੀ ਜਿੱਤ ਜਾਂਦੀ ਤਾਂ ਇਸ ਨੂੰ ਸਰਕਾਰ ਦੀ ਕਾਰਗੁਜ਼ਾਰੀ 'ਤੇ ਮੋਹਰ ਮੰਨਿਆ ਜਾਵੇਗਾ ਪਰ ਜੇਕਰ ਹਾਰ ਗਈ ਤਾਂ ਸਵਾਲ ਉੱਠਣਗੇ।

ਸੰਗਰੂਰ ਲੋਕ ਸਭਾ ਸੀਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਗੜ੍ਹ ਰਹੀ ਹੈ। ਮਾਨ ਨੇ ਇੱਥੋਂ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਜਿੱਤੀਆਂ ਸਨ। ਉਹ 2019 'ਚ ਜਿੱਤਣ ਵਾਲੇ ਦੇਸ਼ ਭਰ 'ਚੋਂ 'ਆਪ' ਦੇ ਇਕਲੌਤੇ ਸੰਸਦ ਮੈਂਬਰ ਸਨ। ਮਾਨ ਇਸ ਵਾਰ ਧੂਰੀ ਸੀਟ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਸਨ। ਪਾਰਟੀ ਨੂੰ 117 'ਚੋਂ 92 ਸੀਟਾਂ ਮਿਲਣ ਤੋਂ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਬਣਨ ਲਈ ਲੋਕ ਸਭਾ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ। ਹੁਣ ਪਿਛਲੇ ਇੱਕ ਹਫ਼ਤੇ ਤੋਂ ਉਹ ਸੰਗਰੂਰ ਵਿੱਚ ਡਟੇ ਹੋਏ ਹਨ। ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਵੀ ਇੱਥੇ ਚੋਣ ਪ੍ਰਚਾਰ ਕਰ ਚੁੱਕੇ ਹਨ। ‘ਆਪ’ ਨੇ ਇੱਥੋਂ ਸਰਪੰਚ ਗੁਰਮੇਲ ਸਿੰਘ ਘਰਾਚੋਂ ਨੂੰ ਟਿਕਟ ਦਿੱਤੀ ਹੈ।

ਮੂਸੇਵਾਲਾ ਹੱਤਿਆ ਕਾਂਡ ਛਾਇਆ ਰਿਹਾ 

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਸੰਗਰੂਰ ਦੇ ਚੋਣ ਪ੍ਰਚਾਰ 'ਤੇ ਛਾਇਆ ਰਿਹਾ ਹੈ। ਮਾਨਸਾ ਵਿੱਚ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਇਕ ਦਿਨ ਪਹਿਲਾਂ 'ਆਪ' ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਘਟਾ ਦਿੱਤੀ ਸੀ। ਕਾਂਗਰਸ ਅਤੇ ਅਕਾਲੀ ਦਲ ਅੰਮ੍ਰਿਤਸਰ ਇਸ ਮੁੱਦੇ 'ਤੇ ਵੋਟਾਂ ਮੰਗ ਰਹੇ ਹਨ। ਦੂਜੇ ਪਾਸੇ ਅਕਾਲੀ ਦਲ ਨੇ ਇਸ ਨੂੰ ਪੰਥਕ ਮੁੱਦਾ ਬਣਾ ਲਿਆ ਹੈ। ਜਿਸ ਵਿੱਚ ਬੇਅੰਤ ਕਤਲ ਕੇਸ ਦੇ ਦੋਸ਼ੀ ਬਲਵੰਤ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਰਾਜੋਆਣਾ ਨੂੰ ਟਿਕਟ ਦਿੱਤੀ ਗਈ ਹੈ। ਉਹ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਉਠਾ ਰਹੇ ਹਨ।