ਫਗਵਾੜਾ  : ਅੱਜ ਹਲਕਾ ਫਗਵਾੜਾ ਤੋਂ ਚੋਣ (Punjab Election 2022 )ਲੜ ਰਹੇ ਭਾਜਪਾ ਉਮੀਦਵਾਰ ਵਿਜੈ ਸਾਂਪਲਾ ਦੇ ਹੱਕ 'ਚ ਚੋਣ ਪ੍ਰਚਾਰ ਲਈ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਸਮ੍ਰਿਤੀ ਇਰਾਨੀ ( Smriti Irani ) ਪਹੁੰਚੀ।ਉਨਾਂ ਨੇ ਕਾਂਗਰਸ ਪਾਰਟੀ ਦੇ ਵਰਦਿਆਂ ਪੰਜਾਬ ਦੇ ਲੋਕਾਂ ਨੂੰ 84 ਦੇ ਕਾਲੇ ਦੌਰ ਨੂੰ ਦੋਹਰਾਇਆ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ 30 ਸਾਲ ਤੱਕ ਬਚਾਏ ਰੱਖਿਆ। 


 

ਉਨਾਂ ਦੱਸਿਆ ਕਿ ਹੁਣ ਤੁਹਾਡੀ ਕਿਰਪਾ ਨਾਲ ਮੋਦੀ ਸਰਕਾਰ ਬਨਣ ’ਤੇ 30 ਸਾਲ ਬਾਅਦ ਮੁੜ ਤੋਂ ਸਿਖ ਕਤਲੇਆਮ ਦੇ ਕੇਸਾਂ ਦੀ ਫਾਈਲਾਂ ਖੁੱਲੀ ’ਤੇ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਉਕਤ ਦੋਸ਼ਿਆਂ ਦੇ ਖਿਲਾਫ ਜਾਂਚ ਕਰਵਾਈ ਅਤੇ ਉਹ ਹੁਣ ਜੇਲ ਵਿਚ ਹਨ। ਉਨਾਂ ਦੱਸਿਆ ਕਿ ਮੋਦੀ ਸਰਕਾਰ ਨੇ ਹੀ ਸਿੱਖ ਕਤਲੇਆਮ ਦੇ ਪੀੜਤਾਂ ਨੂੰ 5-5 ਲੱਖ ਰੁੱਪਏ ਮੁਆਵਜੇ ਵੱਜੋਂ ਦਿੱਤੇ ਹਨ।

ਉਨਾਂ ਇਸ ਮੌਕੇ ਲੋਕਾਂ ਤੋਂ ਅਪੀਲ ਕੀਤੀ ਕਿ ਉਹ ਮੇਰੇ ਭਰਾ ਵਿਜੈ ਸਾਂਪਲਾ ਨੂੰ ਵੋਟਾਂ ਪਾ ਕੇ ਜਿਤਾਉਣ ਅਤੇ ਪੰਜਾਬ ’ਚ ਭਾਜਪਾ ਸਰਕਾਰ ਬਣਾ ਕੇ ਭਾਰਤ ਦੇ ਨਵ ਨਿਰਮਾਣ ਵਿਚ ਆਪਣਾ ਅਹਿਮ ਯੋਗਦਾਣ ਦੇਣ। ਦੱਸ ਦੇਈਏ ਕਿ ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ (Assembly Elections 2022) ਨੂੰ ਲੈ ਕੇ ਸਿਆਸੀ ਪਾਰਟੀਆਂ ਲਗਾਤਾਰ ਚੋਣ ਪ੍ਰਚਾਰ ਕਰ ਰਹੀਆਂ ਹਨ। 

 

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭੱਖ ਚੁੱਕਾ ਹੈ ਤੇ ਪੰਜਾਬ ਦੀ ਲੀਡਰਸ਼ਿਪ ਦੇ ਨਾਲ -ਨਾਲ ਸੈਂਟਰ ਦੀ ਲੀਡਰਸ਼ਿਪ ਵੱਲੋਂ ਵੀ ਚੋਣ ਪ੍ਰਚਾਰ 'ਚ ਹਿੱਸਾ ਲਿਆ ਜਾ ਰਿਹਾ ਹੈ।  ਜਿ਼ਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ 20 ਫਰਵਰੀ, 2022 (ਐਤਵਾਰ) ਨੂੰ ਸਵੇਰੇ 08.00 ਵਜੇ ਤੋਂ ਸ਼ਾਮ 06.00 ਵਜੇ ਤੱਕ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ, 2022 ਵੀਰਵਾਰ ਨੂੰ ਹੋਵੇਗੀ