Sukhbir Badal’s demand to ban election surveys indicates Badal Dal’s apprehensiveness: Harpal Singh Cheema


ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਚੋਣ ਸਰਵੇਖਣਾਂ 'ਤੇ ਪਾਬੰਦੀ ਲਾਉਣ ਦੀ ਮੰਗ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਬੁਖਲਾਹਟ ਦੀ ਨਿਸ਼ਾਨੀ ਕਰਾਰ ਦਿੱਤਾ ਹੈ। ਚੀਮਾ ਨੇ ਕਿਹਾ ਕਿ ਮੀਡੀਆ ਨੇ ਚੋਣ ਸਰਵੇਖਣਾਂ ਰਾਹੀਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੀ ਪੇਸ਼ਨਗੋਈ ਕੀਤੀ ਹੈ, ਜਿਸ ਕਾਰਨ ਸੁਖਬੀਰ ਸਿੰਘ ਬਾਦਲ ਆਪਣੀ ਜ਼ੁਬਾਨ 'ਤੇ ਕੁੱਝ ਘੰਟੇ ਵੀ ਕਾਬੂ ਨਹੀਂ ਰੱਖ ਸਕੇ ਅਤੇ ਉਨਾਂ ਆਪਣੀ ਬੁਖਲਾਹਟ ਕਾਰਨ ਮੀਡੀਆ 'ਤੇ ਸਵਾਲ ਚੁਕਣੇ ਸ਼ੁਰੂ ਕਰ ਦਿੱਤੇ ਹਨ।


ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣ ਸਰਵੇਖਣਾਂ 'ਤੇ ਸਵਾਲ ਖੜ੍ਹੇ ਕਰਨ ਲੱਗੇ ਹਨ ਅਤੇ ਚੋਣ ਕਮਿਸ਼ਨ ਨੂੰ ਚੋਣ ਸਰਵੇਖਣ ਬੰਦ ਕਰਨ ਦੀ ਗੁਹਾਰ ਲਾ ਰਹੇ ਹਨ। ਸੁਖਬੀਰ ਬਾਦਲ ਸਰਕਾਰ ਵੱਲੋਂ ਪੈਸੇ ਦੇ ਜ਼ੋਰ ਨਾਲ ਚੋਣ ਸਰਵੇਖਣ ਕਰਾਉਣ ਅਤੇ ਪੈਸੇ ਦੀ ਤਾਕਤ ਨਾਲ ਲੋਕਤੰਤਰ ਦਾ ਘਾਣ ਕਰਨ ਦੇ ਦੋਸ਼ ਕਿਸ ਮੂੰਹ ਨਾਲ ਲਾ ਰਹੇ ਹਨ?


ਹਰਪਾਲ ਚੀਮਾ ਨੇ ਦੋਸ਼ ਲਾਇਆ ਕਿ ਸੁਖਬੀਰ ਸਿੰਘ ਬਾਦਲ ਨੇ 10 ਸਾਲ ਪੰਜਾਬ ਦੀ ਸੱਤਾ 'ਚ ਰਹਿੰਦਿਆਂ ਵੱਖ-ਵੱਖ ਤਰ੍ਹਾਂ ਦੇ ਸਰਵੇਖਣਾਂ 'ਚ ਰੱਜ਼ ਕੇ ਸਰਕਾਰੀ ਪੈਸੇ ਦੀ ਦੁਰਵਰਤੋਂ ਕੀਤੀ ਸੀ ਅਤੇ ਸਥਾਨਕ ਚੋਣਾ 'ਚ ਸਰਕਾਰੀ ਪੈਸੇ ਨਾਲ ਲੋਕਤੰਤਰ ਦਾ ਘਾਣ ਕੀਤਾ ਸੀ। ਸੁਖਬੀਰ ਦੇ ਜ਼ੁਲਮਾਂ ਦੀਆਂ ਕਹਾਣੀਆਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਹਨ। ਇਸੇ ਕਾਰਨ ਹੁਣ ਸਖਬੀਰ ਸਿੰਘ ਬਾਦਲ ਮੀਡੀਆ ਅਤੇ ਮੀਡੀਆ ਵੱਲੋਂ ਕੀਤੇ ਗਏ ਚੋਣ ਸਰਵੇਖਣਾਂ ਖ਼ਿਲਾਫ਼ ਬੋਲ ਰਹੇ ਹਨ।


ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਸਮੇਤ ਕਾਂਗਰਸ, ਭਾਰਤੀ ਜਨਤਾ ਪਾਰਟੀ, ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਸੱਤਾ ਤਬਦੀਲੀ ਦੇ ਖ਼ਿਲਾਫ਼ ਹਨ। ਇਹ ਆਗੂ ਆਪਣੀ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਹੀ ਸੱਤਾ ਦੇ ਗਲਿਆਰਿਆਂ ਵਿੱਚ ਬੈਠਾਉਣਾ ਚਾਹੁੰਦੇ ਹਨ, ਨਾ ਕਿ ਪੰਜਾਬ ਦੇ ਆਮ ਲੋਕਾਂ ਦੇ ਧੀਆਂ- ਪੁੱਤਾਂ ਨੂੰ।


ਚੀਮਾ ਨੇ ਦਾਅਵਾ ਕੀਤਾ, ''ਚੋਣ ਸਰਵੇਖਣ ਲੋਕਾਂ ਦੇ ਵਿਚਾਰਾਂ ਦੀ ਤਰਜ਼ਮਾਨੀ ਕਰਦੇ ਹਨ ਅਤੇ ਲੋਕਤੰਤਰ ਵਿੱਚ ਵਿਚਾਰਾਂ ਦੇ ਪ੍ਰਗਟਾਵੇ ਦਾ ਬਹੁਤ ਜ਼ਿਆਦਾ ਮਹੱਤਵ ਹੈ। ਭਾਂਵੇ ਚੋਣ ਨਤੀਜਿਆਂ ਦੀ ਤਸਵੀਰ ਕੱਲ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਸਾਫ਼ ਹੋਵੇਗੀ, ਪਰ ਸੁਖਬੀਰ ਸਿੰਘ ਬਾਦਲ ਸਮੇਤ ਰਿਵਾਇਤੀ ਪਾਰਟੀਆਂ ਦੇ ਆਗੂ ਆਪਣੀ ਬੁਖਲਾਹਟ 'ਤੇ ਕਾਬੂ ਨਹੀਂ ਰੱਖ ਪਾ ਰਹੇ।''


ਹਰਪਾਲ ਸਿੰਘ ਚੀਮਾ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਸ ਵਾਰ ਬਦਲਾਅ ਲਈ ਵੋਟ ਪਾਈ ਹੈ ਅਤੇ ਕੰਮ ਦੇ ਆਧਾਰ 'ਤੇ ਵੋਟ ਮੰਗਣ ਵਾਲੀ ਆਮ ਆਦਮੀ ਪਾਰਟੀ ਦੀ ਚੋਣ ਕੀਤੀ ਹੈ। ਪੰਜਾਬ ਵਾਸੀ ਅਕਾਲੀ ਦਲ ਬਾਦਲ, ਭਾਜਪਾ, ਕਾਂਗਰਸ ਅਤੇ ਹੋਰ ਰਿਵਾਇਤੀ ਪਾਰਟੀਆਂ ਦੇ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਦੀ ਰਾਜਨੀਤੀ ਤੋਂ ਛੁਟਕਾਰਾ ਚਾਹੁੰਦੇ ਸਨ। ਇਸ ਲਈ ਪੰਜਾਬ ਵਾਸੀਆਂ ਨੇ ਆਪਣੇ ਲੋਕਤੰਤਰੀ ਹੱਕ ਦੀ ਵਰਤੋਂ ਸੱਤਾ ਤਬਦੀਲੀ ਲਈ ਕੀਤੀ ਹੈ ਅਤੇ ਇਸ ਸੱਤਾ ਤਬਦੀਲੀ ਦੇ ਵਿਚਾਰ ਨੂੰ ਪੇਸ਼ ਕਰਦੇ ਚੋਣ ਸਰਵੇਖਣ ਰਿਵਾਇਤੀ ਪਾਰਟੀਆਂ ਨੂੰ ਹਜ਼ਮ ਨਹੀਂ ਹੋ ਰਹੇ।


ਇਹ ਵੀ ਪੜ੍ਹੋ: ਚੋਣ ਨਤੀਜਿਆਂ ਲਈ ਪੰਜਾਬ ਕਾਂਗਰਸ ਦੀ ਤਿਆਰੀ, ਨਤੀਜੇ ਤੋਂ ਤੁਰੰਤ ਬਾਅਦ ਵਿਧਾਇਕ ਦਲ ਦੀ ਮੀਟਿੰਗ