ਮੂਨਕ : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਲਕਾ ਲਹਿਰਾ ਤੋਂ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਸ਼ਹਿਰ ਮੂਨਕ ਵਿਖੇ ਪੁੱਜੇ ਸਨ। ਇੱਥੇ ਆਯੋਜਿਤ ਰੈਲੀ 'ਚ ਸੁਖਬੀਰ ਬਾਦਲ ਨੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ। ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗਠਜੋੜ ਬਹੁਤ ਵਧੀਆ ਗਠਜੋੜ ਹੈ। 

 

ਉਨ੍ਹਾਂ ਕਿਹਾ ਕਿ ਬਸਪਾ ਵੀ ਪੰਜਾਬ ਦੀ ਪਾਰਟੀ ਹੈ, ਜੋ ਕਿ ਬਾਬੂ ਕਾਂਸ਼ੀ ਰਾਮ ਨੇ ਬਣਾਈ ਸੀ। ਉਨ੍ਹਾਂ ਕਿਹਾ ਕਿ ਦੋਹਾਂ ਪਾਰਟੀਆਂ ਦੀ ਸੋਚ ਇਕ ਹੈ। ਉਨ੍ਹਾਂ ਨੇ ਭਾਜਪਾ ਨਾਲ ਸਮਝੌਤਾ   ਕਰਨ ਵਾਲੇ ਢੀਂਡਸਾ ਅਤੇ ਕੈਪਟਨ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਇਨ੍ਹਾਂ ਨੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ ,ਇਹ ਲੋਕ ਪੰਜਾਬ ਦਾ ਭਲਾ ਨਹੀਂ ਕਰ ਸਕਦੇ। ਇਨ੍ਹਾਂ ਦੀ ਸਰਕਾਰ ਤਾਂ ਬਣਨੀ ਬਹੁਤ ਦੂਰ ਦੀ ਗੱਲ ਇਨ੍ਹਾਂ ਦਾ ਪੰਜਾਬ ਵਿੱਚ ਖਾਤਾ ਵੀ ਨਹੀਂ ਖੁੱਲ੍ਹੇਗਾ। 

 

ਇਸ ਮੌਕੇ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ 'ਤੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਬਣੀ ਤਾਂ ਅਰਵਿੰਦ ਕੇਜਰੀਵਾਲ ਨੇ ਗਰੀਬ ਲੋਕਾਂ ਨੂੰ ਟਿਕਟਾਂ ਦੇਣ ਦਾ ਐਲਾਨ ਕੀਤਾ ਸੀ ਪਰ ਹੁਣ 117 ਵਿੱਚੋਂ 65 ਸੀਟਾਂ ਦਲ-ਬਦਲੂਆਂ ਨੂੰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਕੱਢੇ ਗਏ ਆਗੂਆਂ ਨੂੰ ਇਸ ਪਾਰਟੀ ਨੇ ਟਿਕਟਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਤਾਂ ਹੀ ਤਰੱਕੀ ਕਰੇਗਾ, ਜੇਕਰ ਸੂਬੇ 'ਚ ਅਮਨ-ਸ਼ਾਂਤੀ ਰਹੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਜੋ ਕਹਿੰਦਾ ਹੈ, ਉਹ ਕਰਦਾ ਹੈ।

 

ਸੁਖਬੀਰ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਪੰਜਾਬ ਦੀ ਜਨਤਾ ਨੂੰ ਹਰ ਸਹੂਲਤ ਦਿੱਤੀ ਜਾਵੇਗੀ ਅਤੇ ਸਭ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਦੇ ਨੀਲੇ ਕਾਰਡ ਨਹੀਂ ਬਣੇ, ਉਹ ਬਣਾ ਕੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਅਸੀਂ ਐੱਸ. ਸੀ., ਬੀ. ਸੀ. ਪਰਿਵਾਰਾਂ ਨੂੰ ਬਿਜਲੀ ਦੀ 200 ਯੂਨਿਟ ਮੁਫ਼ਤ ਦਿੰਦੇ ਸੀ ਪਰ ਹੁਣ ਸਾਰੇ ਪਰਿਵਾਰਾਂ ਨੂੰ 400 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਈ ਘੱਨਈਆ ਸਕੀਮ ਨੂੰ ਮੁੜ ਲਾਗੂ ਕੀਤਾ ਜਾਵੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਜੋ ਜ਼ੁਬਾਨ ਕਰ ਦੇਣਗੇ, ਉਹ ਅਕਾਲੀ ਦਲ ਦੀ ਸਰਕਾਰ ਬਣਨ ਦੇ ਪਹਿਲੇ 6 ਮਹੀਨਿਆਂ ਅੰਦਰ ਪੂਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਕੋਲ ਹਰ ਵਿਅਕਤੀ ਕੋਲ ਆਪਣੀ ਜਗ੍ਹਾ ਹੋਵੇਗੀ। ਇਸ ਸਮੇ ਉਨ੍ਹਾਂ ਨੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ