UP Election: ਉੱਤਰ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਦੇ ਤੀਜੇ ਗੇੜ ਲਈ ਅੱਜ 59 ਸੀਟਾਂ ’ਤੇ ਵੋਟਾਂ ਪੈ ਰਹੀਆਂ ਹਨ। ਯੂਪੀ ’ਚ ਸੱਤ ਗੇੜਾਂ ’ਚ ਵੋਟਿੰਗ ਹੋਣੀ ਹੈ। ਸੂਬੇ ’ਚ ਅੱਜ ਸਵੇਰੇ 7 ਤੋਂ ਵੋਟਿੰਗ ਸ਼ੁਰੂ ਹੋਈ ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਚੋਣਾਂ ਦੇ ਇਸ ਗੇੜ ਲਈ 627 ਉਮੀਦਵਾਰ ਮੈਦਾਨ ’ਚ ਹਨ ਤੇ 2.15 ਕਰੋੜ ਤੋਂ ਜ਼ਿਆਦਾ ਲੋਕ ਯੋਗ ਵੋਟਰ ਹਨ। ਇਹ ਸੀਟਾਂ 16 ਜ਼ਿਲ੍ਹਿਆਂ ਹਾਥਰਸ, ਫਿਰੋਜ਼ਾਬਾਦ, ਏਟਾ, ਕਾਸਗੰਜ, ਮੈਨਪੁਰੀ, ਫਰੁਖਾਬਾਦ, ਕਨੌਜ, ਇਟਾਵਾ, ਔਰਈਆ, ਕਾਨਪੁਰ ਦੇਹਾਤ, ਕਾਨਪੁਰ ਨਗਰ, ਜਾਲੌਨ, ਝਾਂਸੀ, ਲਲਿਤਪੁਰ, ਹਮੀਰਪੁਰ ਤੇ ਮਹੋਬਾ ’ਚ ਹਨ।


ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਕਰਹਲ ਸੀਟ ਤੋਂ ਚੋਣ ਲੜ ਰਹੇ ਹਨ ਜਿੱਥੇ ਅੱਜ ਵੋਟਾਂ ਪੈ ਰਹੀਆਂ ਹਨ। ਭਾਜਪਾ ਨੇ ਇਸ ਹਲਕੇ ਤੋਂ ਕੇਂਦਰੀ ਮੰਤਰੀ ਐਸਪੀ ਸਿੰਘ ਬਘੇਲ ਨੂੰ ਉਤਾਰਿਆ ਹੈ। ਅਖਿਲੇਸ਼ ਦੇ ਚਾਚੇ ਸ਼ਿਵਪਾਲ ਸਿੰਘ ਯਾਦਵ (ਜਸਵੰਤਨਗਰ) ਦੀ ਕਿਸਮਤ ਵੀ ਅੱਜ ਈਵੀਐੱਮਜ਼ ’ਚ ਬੰਦ ਹੋ ਜਾਵੇਗੀ।

ਪੰਜ ਸਾਲ ਪਹਿਲਾਂ 2017 ’ਚ ਹੋਈਆਂ ਚੋਣਾਂ ਦੌਰਾਨ ਭਾਜਪਾ ਨੇ 59 ’ਚੋਂ 49 ਸੀਟਾਂ ਜਿੱਤੀਆਂ ਸਨ ਜਦਕਿ ਸਮਾਜਵਾਦੀ ਪਾਰਟੀ ਨੂੰ 8 ਸੀਟਾਂ ਨਾਲ ਸਬਰ ਕਰਨਾ ਪਿਆ ਸੀ। ਕਾਂਗਰਸ ਨੂੰ ਇੱਕ ਤੇ ਬਸਪਾ ਨੂੰ ਕੋਈ ਸੀਟ ਨਹੀਂ ਮਿਲੀ ਸੀ।

ਦੱਸ ਦਈਏ ਕਿ ਭਾਜਪਾ ਨੇ ਚੋਣ ਕਮਿਸ਼ਨ ਦਾ ਰੁਖ ਕਰਕੇ ਕਰਹਲ ਦੇ ਸਾਰੇ ਬੂਥਾਂ ’ਤੇ ਨੀਮ ਫ਼ੌਜੀ ਬਲਾਂ ਦੀ ਤਾਇਨਾਤੀ ਮੰਗੀ ਸੀ। ਇਸ ਗੇੜ ’ਚ ਭਾਜਪਾ ਦੇ ਸਤੀਸ਼ ਮਹਾਨਾ (ਮਹਾਰਾਜਪੁਰ), ਰਾਮਵੀਰ ਉਪਾਧਿਆਏ (ਸਦਾਬਾਦ), ਸਾਬਕਾ ਆਈਪੀਐੱਸ ਅਧਿਕਾਰੀ ਅਸੀਮ ਅਰੁਣ (ਕਨੌਜ ਸਦਰ), ਮੰਤਰੀ ਰਾਮਨਰੇਸ਼ ਅਗਨੀਹੋਤਰੀ ਅਤੇ ਕਾਂਗਰਸ ਆਗੂ ਸਲਮਾਨ ਖੁਰਸ਼ੀਦ ਦੀ ਪਤਨੀ ਲੂਈਸ ਖੁਰਸ਼ੀਦ (ਫਰੂਖਾਬਾਦ ਸਦਰ) ਵੀ ਚੋਣ ਮੈਦਾਨ ’ਚ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



https://apps.apple.com/in/app/abp-live-news/id811114904