68ਵੇਂ ਨੈਸ਼ਨਲ ਐਵਾਰਡਜ਼ ਦਾ ਐਲਾਨ ਹੋ ਚੁੱਕਿਆ ਹੈ। ਪੂਰੇ ਭਾਰਤ ਵਿਚੋਂ ਚੋਣਵੀਆਂ ਫ਼ਿਲਮਾਂ ਨੂੰ ਕਈ ਐਵਾਰਡਜ਼ ਮਿਲੇ ਹਨ, ਪਰ ਇਸ ਸਭ ਦੇ ਦਰਮਿਆਨ ਇਹ ਵੀ ਗੱਲ ਦੇਖਣ ਨੂੰ ਮਿਲੀ ਕਿ ਇਸ ਸੂਚੀ `ਚ ਕਿਤੇ ਵੀ ਪੰਜਾਬੀ ਫ਼ਿਲਮਾਂ ਦਾ ਨਾਂ ਨਹੀਂ ਸੀ। ਇਸ `ਤੇ ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਨੇ ਸਵਾਲ ਚੁੱਕੇ ਹਨ।


ਵਿਰਕ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ `ਤੇ ਸਟੋਰੀ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਸਵਾਲ ਚੁੱਕਿਆ ਕਿ ਆਖ਼ਰ ਕਿਉਂ ਨੈਸ਼ਨਲ ਐਵਾਰਡਜ਼ `ਚ ਇੱਕ ਵੀ ਪੰਜਾਬੀ ਫ਼ਿਲਮ ਨੂੰ ਨਾਮਜ਼ਦ ਕਿਉਂ ਨਹੀਂ ਕੀਤਾ ਗਿਆ? ਇਸ `ਤੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੀ ਵੀ ਰਾਏ ਮੰਗੀ ਹੈ। ਉਨ੍ਹਾਂ ਨੇ ਨਾਲ ਹੀ ਆਪਣੇ ਪ੍ਰਸ਼ੰਸਕਾਂ ਨੂੰ ਪੁੱਛਿਆ ਕਿ ਕੀ ਨੈਸ਼ਨਲ ਐਵਾਰਡ ਪੰਜਾਬੀ ਫ਼ਿਲਮਾਂ ਨੂੰ ਵੀ ਮਿਲਣੇ ਚਾਹੀਦੇ ਹਨ? 




ਕਾਬਿਲੇਗ਼ੌਰ ਹੈ ਕਿ ਪੰਜਾਬੀ ਇੰਡਸਟਰੀ `ਚ ਪਹਿਲੀ ਵਾਰ ਕਿਸੇ ਕਲਾਕਾਰ ਨੇ ਇਸ ਤਰ੍ਹਾਂ ਦਾ ਮੁੱਦਾ ਚੁੱਕਿਆ ਹੈ। ਸਭ ਲੋਕਾਂ ਖਾਸ ਕਰਕੇ ਪੰਜਾਬੀਆਂ ਦੇ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਆਖ਼ਰ ਕਿਉਂ ਜਦੋਂ ਪੂਰੇ ਭਾਰਤ ਵਿੱਚੋਂ ਫ਼ਿਲਮਾਂ ਨੂੰ ਐਵਾਰਡ ਮਿਲੇ ਤਾਂ ਕਿਉਂ ਪੰਜਾਬ ਇਸ ਤੋਂ ਵਾਂਝਾ ਰਹਿ ਗਿਆ?


ਕਿਸੇ ਮੁੱਦੇ ਤੇ ਫ਼ਿਲਮ ਨਾ ਬਣਨਾ
ਇਹ ਤਾਂ ਸਭ ਨੂੰ ਹੀ ਪਤਾ ਹੈ ਕਿ ਪੰਜਾਬੀ ਸਿਨੇਮਾ `ਚ ਸਿਰਫ਼ ਮਨੋਰੰਜਨ ਵੱਲ ਧਿਆਨ ਦਿਤਾ ਜਾਂਦਾ ਹੈ। ਹਾਲੇ ਤੱਕ ਪੰਜਾਬ `ਚ ਕਿਸੇ ਵੱਡੇ ਮੁੱਦੇ ਨੂੰ ਨਾ ਤਾਂ ਚੁੱਕਿਆ ਗਿਆ ਹੈ ਤੇ ਨਾ ਇਨ੍ਹਾਂ ਮੁੱਦਿਆਂ `ਤੇ ਕੋਈ ਫ਼ਿਲਮ ਹੀ ਬਣੀ ਹੈ। ਪੰਜਾਬੀ ਸਿਨੇਮਾ `ਚ ਹੁਣ ਤੱਕ ਫ਼ਿਲਮਾਂ ਸਿਰਫ਼ ਮਿਰਚ ਮਸਾਲੇ ਤੇ ਮਨੋਰੰਜਨ ਨਾਲ ਭਰਪੂਰ ਹੀ ਹੁੰਦੀਆਂ ਹਨ। ਜਿਨ੍ਹਾਂ ਨੂੰ ਦੇਖ ਇੰਜ ਲਗਦਾ ਹੈ ਕਿ ਪੰਜਾਬ `ਚ ਕੋਈ ਮੁੱਦਾ ਬਚਿਆ ਹੀ ਨਹੀਂ। ਜੇ ਲੈ ਦੇ ਕੇ ਕੋਈ ਹਾਸੇ ਠੱਠੇ ਤੋਂ ਵੱਖ ਕੋਈ ਫ਼ਿਲਮ ਬਣਦੀ ਵੀ ਹੈ ਤਾਂ ਉਹ ਸਿਰਫ਼ ਗੈਂਗਸਟਰਾਂ ਦੀ ਸ਼ਲਾਘਾ ਕਰਨ ਨੂੰ ਬਣਦੀ ਹੈ। 


ਅਸੀਂ ਇਹ ਬਿਲਕੁਲ ਨਹੀਂ ਕਹਿ ਰਹੇ ਕਿ ਪੰਜਾਬੀ ਸਿਨੇਮਾ `ਚ ਕੋਈ ਚੱਜ ਦੀ ਫ਼ਿਲਮ ਨਹੀਂ ਬਣੀ। ਪੰਜਾਬ 1984, ਪੋਸਤੀ, ਕਿਸਮਤ, ਬਾਜਰੇ ਦਾ ਸਿੱਟਾ ਵਰਗੀਆਂ ਫ਼ਿਲਮਾਂ ਵੀ ਹਨ, ਜਿਹੜੀਆਂ ਹਾਸੇ ਠੱਠੇ ਤੋਂ ਹਟ ਕੇ ਬਣੀਆਂ ਹਨ। ਪਰ ਜ਼ਿਆਦਾਤਰ ਪੰਜਾਬੀ ਫ਼ਿਲਮਾਂ ਸਿਰਫ਼ ਮਨੋਰੰਜਨ ਤੇ ਪੈਸਾ ਕਮਾਉਣ ਦੇ ਉਦੇਸ਼ ਨਾਲ ਹੀ ਬਣਾਈਆਂ ਜਾਂਦੀਆਂ ਹਨ।