ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ ਵੱਲੋਂ ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਜਨਤਕ ਸਿਹਤ ਐਮਰਜੈਂਸੀ ਐਲਾਨਿਆ ਗਿਆ ਹੈ। ਭਾਰਤ ਵਿੱਚ ਘੱਟੋ ਘੱਟ 52 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਬਾਲੀਵੁੱਡ ਫਿਲਮਾਂ ਦੇ ਕਾਰੋਬਾਰ ਤੇ ਭਾਰੀ ਅਸਰ ਹੋਣ ਦੀ ਉਮੀਦ ਹੈ।
ਦੋ ਵੱਡੇ ਬਜਟ ਦੀਆਂ ਫਿਲਮਾਂ ਜੋ ਅਗਲੇ ਇੱਕ ਮਹੀਨੇ ਵਿੱਚ ਰਿਲੀਜ਼ ਲਈ ਕਤਾਰ ਵਿੱਚ ਹਨ। ਕੋਰੋਨਾਵਾਇਰਸ ਕਾਰਨ ਅੱਗੇ ਕੀਤੀਆਂ ਜਾ ਸਕਦੀਆਂ ਹਨ। ਰੋਹਿਤ ਸ਼ੈੱਟੀ ਦੀ ਸੂਰੀਆਵੰਸ਼ੀ ਤੇ ਕਬੀਰ ਖਾਨ ਦੀ 83 ਸ਼ਾਇਦ ਕੋਰੋਨਾਵਾਇਰਸ ਦੇ ਡਰ ਕਾਰਨ ਰਿਲੀਜ਼ ਡੇਟ ਵਿੱਚ ਬਦਲਾਅ ਕਰ ਸਕਦੀਆਂ ਹਨ।
ਰਿਲਾਇੰਸ ਐਂਟਰਟੇਨਮੈਂਟ ਸਮੂਹ ਦੇ ਸੀਈਓ ਸ਼ੀਬਾਸ਼ੀਸ਼ ਸਰਕਾਰ ਨੇ ਇੱਕ ਇੰਟਰਵਿਯੁ ਦੌਰਾਨ ਦੱਸਿਆ ਕਿ ਹੁਣ ਤੱਕ, ਸੂਰੀਆਵੰਸ਼ੀ ਤੇ 83 ਨਿਰਧਾਰਤ ਤਾਰੀਖਾਂ 'ਤੇ ਪਰਦੇ ਤੇ ਰਿਲੀਜ਼ ਹੋਣਗੀਆਂ। ਹਾਲਾਂਕਿ, ਜੇ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਹੁੰਦਾ, ਤਾਂ ਉਨ੍ਹਾਂ ਦੀ ਰਿਲੀਜ਼ ਵਿੱਚ ਦੇਰੀ ਹੋ ਸਕਦੀ ਹੈ।
ਅਕਸ਼ੈ ਕੁਮਾਰ ਦੀ ਸੂਰੀਆਵੰਸ਼ੀ, 24 ਮਾਰਚ ਨੂੰ ਸਿਨੇਮਾਘਰਾਂ ਵਿੱਚ ਖੁੱਲਣ ਜਾ ਰਹੀ ਹੈ। ਐਕਸ਼ਨ ਡਰਾਮਾ ਵਿੱਚ ਕੈਟਰੀਨਾ ਕੈਫ, ਅਜੇ ਦੇਵਗਨ ਅਤੇ ਰਣਵੀਰ ਸਿੰਘ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਰਣਵੀਰ ਸਿੰਘ, ਅਭਿਨੇਤਰੀ ਦੀਪਿਕਾ ਪਾਦੂਕੋਣ ਅਤੇ ਸਾਕਿਬ ਸਲੀਮ ਸਮੇਤ ਫ਼ਿਲਮ 83, 10 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ।