Mukul Dev Passes Away: ਮਨੋਰੰਜਨ ਜਗਤ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਫਿਲਮ ਅਤੇ ਟੀਵੀ ਅਦਾਕਾਰ ਮੁਕੁਲ ਦੇਵ ਦਾ ਬੀਤੀ ਦੇਰ ਰਾਤ ਦੇਹਾਂਤ ਹੋ ਗਿਆ ਹੈ। ਅਦਾਕਾਰ ਨੇ 54 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਅਦਾਕਾਰ ਦੀ ਮੌਤ ਦੀ ਖ਼ਬਰ ਆਉਂਦੇ ਹੀ ਸਿਨੇਮਾ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ। ਦੱਸ ਦੇਈਏ ਕਿ ਮੁਕੁਲ ਉਨ੍ਹਾਂ ਅਭਿਨੇਤਾਵਾਂ ਵਿੱਚੋਂ ਇੱਕ ਸਨ ਜੋ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਸਿਨੇਮਾ ਜਗਤ ਵਿੱਚ ਵੀ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਚੁੱਕੇ ਹਨ।
ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਉੱਘੇ ਅਦਾਕਾਰ ਮੁਕਲ ਦੇਵ ਦੇ ਸਦੀਵੀਂ ਵਿਛੋੜੇ ਦੀ ਖਬਰ ਬਹੁਤ ਦੁਖਦਾਈ ਹੈ। ਸਿਰਫ 54 ਸਾਲਾਂ ਦੀ ਉਮਰ ਵਿਚ ਵਿਛੋੜਾ ਬਹੁਤ ਹੀ ਮੰਦਭਾਗਾ ਹੈ। ਸਨ ਆਫ ਸਰਦਾਰ ਅਤੇ ਸ਼ਰੀਕ ਸਮੇਤ ਅਨੇਕਾਂ ਫਿਲਮਾਂ ਵਿਚ ਉਹਨਾਂ ਦੇ ਕਿਰਦਾਰ ਹਮੇਸ਼ਾ ਯਾਦ ਰਹਿਣਗੇ। ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਰੂਹ ਨੂੰ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।
ਇਸ ਦੌਰਾਨ ਜੇਕਰ ਅਦਾਕਾਰ ਮੁਕੁਲ ਦੇਵ ਦੀਆਂ ਪੰਜਾਬੀ ਫਿਲਮਾਂ ਬਾਰੇ ਗੱਲ ਕਰੀਏ ਤਾਂ ਅਦਾਕਾਰ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਪੰਜਾਬੀ ਸਿਨੇਮਾ ਨੂੰ ਦਿੱਤੀਆਂ ਹਨ, ਜਿਸ ਵਿੱਚ 'ਜ਼ੋਰਾਵਰ', 'ਸ਼ਰੀਕ', 'ਸ਼ਰੀਕ 2', 'ਡਾਕਾ', 'ਜ਼ੋਰਾ 10 ਨੰਬਰੀਆਂ', 'ਬਾਜ', 'ਮੁੰਡਾ ਫਰੀਦਕੋਟੀਆਂ', 'ਸਰਾਭਾ', 'ਸਾਕ', 'ਉੱਚਾ ਪਿੰਡ' ਵਰਗੀਆਂ ਸ਼ਾਨਦਾਰ ਫਿਲਮਾਂ ਸ਼ਾਮਲ ਹਨ। ਅਦਾਕਾਰ ਦੀ 'ਜ਼ੋਰਾ 10 ਨੰਬਰੀਆਂ' ਵਿੱਚ ਸ਼ੇਰਾ ਦੀ ਭੂਮਿਕਾ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼ਰੀਕ ਵਿੱਚ ਅਦਾਕਾਰ ਦਾ ਕਿਰਦਾਰ ਕਾਫੀ ਸ਼ਾਨਦਾਰ ਸੀ।
ਮੁਕੁਲ ਨੇ 'ਜੈ ਹੋ', 'ਹਿੰਮਤਵਾਲਾ', 'ਮੇਰੇ ਦੋ ਅਨਮੋਲ ਰਤਨ', 'ਯਮਲਾ ਪਗਲਾ ਦੀਵਾਨਾ', 'ਸਨ ਆਫ ਸਰਦਾਰ' ਅਤੇ 'ਭਾਗ ਜੌਨੀ' ਸਮੇਤ ਕਈ ਫਿਲਮਾਂ ਵਿੱਚ ਕੰਮ ਕੀਤਾ। ਮੁਕੁਲ ਦੇਵ ਦੀ ਆਖਰੀ ਫਿਲਮ 'ਸਨ ਆਫ ਸਰਦਾਰ 2' ਹੋਵੇਗੀ, ਜਿਸ 'ਤੇ ਕੰਮ ਚੱਲ ਰਿਹਾ ਹੈ।