Aamir Khan 3rd Marriage : ਬਾਲੀਵੁੱਡ ਅਦਾਕਾਰ ਆਮਿਰ ਖਾਨ ਇੱਕ ਵਾਰ ਫਿਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਵਿੱਚ ਹਨ। ਹਾਲ ਹੀ ਵਿੱਚ ਉਨ੍ਹਾਂ ਅਤੇ ਉਨ੍ਹਾਂ ਦੀ ਗਰਲਫ੍ਰੈਂਡ ਗੌਰੀ ਸਪ੍ਰੈਟ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਸੋਸ਼ਲ ਮੀਡੀਆ ਅਤੇ ਮਨੋਰੰਜਨ ਜਗਤ ਵਿੱਚ ਖੂਬ ਸੁਰਖੀਆਂ ਬਟੋਰੀਆਂ ਹਨ। ਰਿਪੋਰਟਾਂ ਮੁਤਾਬਕ 61 ਸਾਲ ਦੀ ਉਮਰ ਵਿੱਚ ਆਮਿਰ ਖਾਨ ਇੱਕ ਵਾਰ ਫਿਰ ਘਰ ਵਸਾਉਣ ਦੀ ਤਿਆਰੀ ਕਰ ਰਹੇ ਹਨ।
ਜੁਲਾਈ ਵਿੱਚ ਰਿਸ਼ਤੇ ਨੂੰ ਦੇ ਸਕਦੇ ਹਨ ਨਵਾਂ ਨਾਮ
ਮੀਡੀਆ ਰਿਪੋਰਟਾਂ ਅਨੁਸਾਰ ਆਮਿਰ ਖਾਨ ਅਤੇ ਗੌਰੀ ਸਪ੍ਰੈਟ 5 ਜੁਲਾਈ ਨੂੰ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਕਰ ਸਕਦੇ ਹਨ। ਇਸ ਸਮਾਰੋਹ ਵਿੱਚ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਆਪਣੇ ਘਰ ਵਿੱਚ ਰਜਿਸਟ੍ਰੇਸ਼ਨ ਅਤੇ ਸਾਈਨਿੰਗ ਸਮਾਰੋਹ ਰਾਹੀਂ ਆਪਣੇ ਰਿਸ਼ਤੇ ਨੂੰ ਅਧਿਕਾਰਕ ਰੂਪ ਦੇ ਸਕਦੇ ਹਨ।
ਰਿਪੋਰਟਾਂ ਮੁਤਾਬਕ ਆਮਿਰ ਅਤੇ ਗੌਰੀ ਪਿਛਲੇ ਕਰੀਬ ਇੱਕ ਸਾਲ ਤੋਂ ਪਰਿਵਾਰ ਵਾਂਗ ਇਕੱਠੇ ਰਹਿ ਰਹੇ ਹਨ ਅਤੇ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ। ਹੁਣ ਉਹ ਇਸ ਰਿਸ਼ਤੇ ਨੂੰ ਵਿਆਹ ਦਾ ਨਾਮ ਦੇਣਾ ਚਾਹੁੰਦੇ ਹਨ।
ਗੌਰੀ ਨਾਲ ਖੁਸ਼ ਹਨ ਆਮਿਰ ਖਾਨ
ਕੁਝ ਸਮਾਂ ਪਹਿਲਾਂ ਇੱਕ ਇੰਟਰਵਿਊ ਦੌਰਾਨ ਆਮਿਰ ਖਾਨ ਨੇ ਗੌਰੀ ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕਰਦਿਆਂ ਕਿਹਾ ਸੀ ਕਿ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੇ ਹਨ ਕਿ ਗੌਰੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਆਈ। ਉਨ੍ਹਾਂ ਮੁਤਾਬਕ ਗੌਰੀ ਦੇ ਨਾਲ ਉਨ੍ਹਾਂ ਨੂੰ ਬਹੁਤ ਸੂਕੂਨ ਮਿਲਦਾ ਹੈ ਅਤੇ ਦੋਵੇਂ ਇੱਕ-ਦੂਜੇ ਨਾਲ ਬਹੁਤ ਖੁਸ਼ ਹਨ।
ਆਮਿਰ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਦਾ ਰੀਨਾ ਦੱਤਾ ਅਤੇ ਕਿਰਨ ਰਾਓ ਨਾਲ ਵੀ ਡੂੰਘਾ ਰਿਸ਼ਤਾ ਰਿਹਾ, ਪਰ ਉਹ ਰਿਸ਼ਤੇ ਲੰਬੇ ਸਮੇਂ ਤੱਕ ਨਹੀਂ ਚੱਲ ਸਕੇ। ਉਨ੍ਹਾਂ ਕਿਹਾ, "ਮੈਨੂੰ ਲੱਗਦਾ ਹੈ ਕਿ ਅੱਜ ਜਾ ਕੇ ਮੈਂ ਪੂਰਾ ਹੋਇਆ ਹਾਂ। ਗੌਰੀ ਦੇ ਮੇਰੀ ਜ਼ਿੰਦਗੀ ਵਿੱਚ ਆਉਣ ਨਾਲ ਮੈਂ ਆਪਣੇ ਆਪ ਨੂੰ ਬਹੁਤ ਭਾਗਾਂ ਵਾਲਾ ਸਮਝਦਾ ਹਾਂ।"
ਆਮਿਰ ਦੀ ਲਵ ਲਾਈਫ
ਦੱਸਣਯੋਗ ਹੈ ਕਿ ਆਮਿਰ ਖਾਨ ਨੇ ਆਪਣੇ 60ਵੇਂ ਜਨਮਦਿਨ ਮੌਕੇ ਗੌਰੀ ਸਪ੍ਰੈਟ ਨੂੰ ਮੀਡੀਆ ਨਾਲ ਮਿਲਵਾਇਆ ਸੀ। ਇਸ ਤੋਂ ਬਾਅਦ ਦੋਵੇਂ ਕਈ ਸਮਾਗਮਾਂ ਵਿੱਚ ਇਕੱਠੇ ਨਜ਼ਰ ਆ ਚੁੱਕੇ ਹਨ।
ਜੇਕਰ ਆਮਿਰ ਦੀਆਂ ਪਿਛਲੀਆਂ ਸ਼ਾਦੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 1986 ਵਿੱਚ ਰੀਨਾ ਦੱਤਾ ਨਾਲ ਵਿਆਹ ਕੀਤਾ ਸੀ। ਦੋਵਾਂ ਦੇ ਦੋ ਬੱਚੇ ਹਨ, ਆਇਰਾ ਖਾਨ ਅਤੇ ਜੁਨੈਦ ਖਾਨ। ਹਾਲਾਂਕਿ 16 ਸਾਲ ਇਕੱਠੇ ਰਹਿਣ ਤੋਂ ਬਾਅਦ 2002 ਵਿੱਚ ਦੋਵੇਂ ਵੱਖ ਹੋ ਗਏ।
ਇਸ ਤੋਂ ਤਿੰਨ ਸਾਲ ਬਾਅਦ ਆਮਿਰ ਨੇ ਫ਼ਿਲਮ ਨਿਰਦੇਸ਼ਕ ਕਿਰਨ ਰਾਓ ਨਾਲ ਵਿਆਹ ਕਰ ਲਿਆ। ਸਾਲ 2011 ਵਿੱਚ ਉਨ੍ਹਾਂ ਦੇ ਪੁੱਤਰ ਆਜ਼ਾਦ ਦਾ ਜਨਮ ਹੋਇਆ। ਪਰ ਇਹ ਰਿਸ਼ਤਾ ਵੀ ਲੰਬਾ ਨਹੀਂ ਚੱਲਿਆ ਅਤੇ 2021 ਵਿੱਚ ਦੋਵੇਂ ਅਲੱਗ ਹੋ ਗਏ। ਫਿਲਹਾਲ ਆਮਿਰ ਖਾਨ ਅਤੇ ਗੌਰੀ ਸਪ੍ਰੈਟ ਵੱਲੋਂ ਵਿਆਹ ਨੂੰ ਲੈ ਕੇ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ ਹੈ।
