ਜਲੰਧਰ: ਗਨ ਕਲਚਰ ਤੇ ਲੱਚਰ ਗਾਇਕੀ ਕਰਕੇ ਵਿਵਾਦਾਂ 'ਚ ਰਹਿਣ ਵਾਲੇ ਗਾਇਕ ਸਿੱਧੂ ਮੂਸੇਵਾਲਾ ਦਾ ਜਲੰਧਰ ਸ਼ੋਅ ਕੈਂਸਲ ਹੋ ਗਿਆ ਸੀ। ਉਨ੍ਹਾਂ ਦੇ 29 ਫਰਵਰੀ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਣ ਵਾਲੇ ਸ਼ੋਅ 'ਤੇ ਵਿਵਾਦ ਅਜੇ ਵੀ ਜਾਰੀ ਹੈ। ਅਸਲ 'ਚ ਸਿੱਧੂ ਖਿਲਾਫ ਹਾਈਕੋਰਟ 'ਚ ਪਟੀਸ਼ਨਾਂ ਜਾਣ ਕਰਕੇ ਪੁਲਿਸ ਨੇ ਉਸ ਨੂੰ ਸ਼ੋਅ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਇਸ ਤੋਂ ਬਾਅਦ ਹੈਰਾਨੀ ਦੀ ਗੱਲ ਇਹ ਹੈ ਕਿ ਸ਼ੋਅ ਦੇ ਸਪਾਂਸਰ ਅਜੇ ਵੀ ਸ਼ੋਅ ਦੇ ਹੋਣ ਦੀ ਗੱਲ ਕਰ ਰਹੇ ਹਨ।

ਸ਼ੋਅ ਦੇ ਸਪਾਂਸਰ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਜਾਣਕਾਰੀ ਦੇ ਰਹੇ ਹਨ ਕਿ ਸ਼ੋਅ ਕੰਫਰਮ ਹੈ। ਇਸ 'ਤੇ ਸਵਾਲ ਉੱਠਦਾ ਹੈ ਕਿ ਜਦੋਂ ਸ਼ੋਅ ਰੱਦ ਹੋ ਗਿਆ ਹੈ ਤਾਂ ਸ਼ੋਅ ਕਿਵੇਂ ਤੇ ਕਿੱਥੇ ਹੋ ਰਿਹਾ ਹੈ। ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਪੁਲਿਸ ਕਮਿਸ਼ਨਰ ਵੱਲੋਂ ਇਸ ਸ਼ੋਅ ਬਾਰੇ ਪ੍ਰਮੀਸ਼ਨ ਨਾ ਦੇਣ ਦੇ ਬਾਅਦ ਵੀ ਲੋਕਾਂ ਨੂੰ ਸ਼ੋਅ ਦੀਆਂ ਟਿਕਟਾਂ ਬਾਰੇ ਦੱਸਿਆ ਜਾ ਰਿਹਾ ਹੈ।

ਇਸ ਤੋਂ ਤਾਂ ਇਹ ਸਾਫ ਲੱਗ ਰਿਹਾ ਹੈ ਕਿ ਸ਼ੋਅ ਦੇ ਸਪਾਂਸਰ ਲੋਕਾਂ ਨੂੰ ਝੂਠ ਬੋਲ ਕੇ ਪੈਸੇ ਠੱਗ ਰਹੇ ਹਨ। ਉਧਰ ਸ਼ੋਅ ਦੇ ਸਪਾਂਸਰ ਇਸ ਬਾਰੇ ਕੁਝ ਵੀ ਗੱਲ ਨਹੀਂ ਕਰਨਾ ਚਾਹੁੰਦੇ।