Punjabi Singer AP Dhillon: ਕੈਨੇਡਾ ਵਿੱਚ ਪੰਜਾਬੀ ਗਾਇਕ ਅੰਮ੍ਰਿਤਪਾਲ ਸਿੰਘ ਢਿੱਲੋਂ ਉਰਫ਼ ਏਪੀ ਢਿੱਲੋਂ ਦੇ ਘਰ ਹੋਈ ਫਾਇਰਿੰਗ ਨੂੰ ਲੈ ਕੇ ਉਨ੍ਹਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਬਿਲਕੁੱਲ ਸੁਰੱਖਿਅਤ ਹਾਂ। ਏਪੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਕੈਨੇਡੀਅਨ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ।


ਉਧਰ, ਏਪੀ ਦੇ ਘਰ 'ਤੇ ਫਾਇਰਿੰਗ ਤੋਂ ਬਾਅਦ ਸੋਸ਼ਲ ਮੀਡੀਆ ਉਪਰ ਲਾਰੈਂਸ ਗੈਂਗ ਖਿਲਾਫ ਭੜਾਸ ਕੱਢੀ ਜਾ ਰਹੀ ਹੈ ਤੇ ਏਪੀ ਦੀ ਸੁਰੱਖਿਆ ਨੂੰ ਲੈ ਕੇ ਫਿਕਰ ਜਾਹਿਰ ਕੀਤਾ ਜਾ ਰਿਹਾ ਹੈ। ਗੁਰਦਾਸਪੁਰ ਦੇ ਰਹਿਣ ਵਾਲੇ ਏਪੀ ਢਿੱਲੋਂ ਦੇ ਘਰ ਫਾਇਰੰਗ ਮਗਰੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।



ਤਸਵੀਰਾਂ ਵਿੱਚ ਉਨ੍ਹਾਂ ਦੇ ਘਰ ਬਾਹਰ ਸੜਿਆ ਹੋਇਆ ਸਾਮਾਨ ਪਿਆ ਸੀ ਤੇ ਵਾਰਦਾਤ ਵਾਲੀ ਥਾਂ ਤੇ ਸਾਮਾਨ ਬੁਰੀ ਤਰ੍ਹਾਂ ਖਿੱਲਰਿਆ ਹੋਇਆ ਸੀ। ਇਸ ਦੇ ਨਾਲ ਹੀ ਪੁਲਿਸ ਨੂੰ ਵਾਰਦਾਤ ਵਾਲੀ ਥਾਂ ਤੋਂ ਦੋ ਸੜੇ ਹੋਏ ਵਾਹਨ ਵੀ ਮਿਲੇ।


ਏਪੀ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ (ਇੰਸਟਾਗ੍ਰਾਮ) ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਲਿਖਿਆ, "ਮੈਂ ਸੁਰੱਖਿਅਤ ਹਾਂ। ਮੇਰੇ ਲੋਕ ਸੁਰੱਖਿਅਤ ਹਨ। ਤੁਹਾਡੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਨਾਲ ਸੰਪਰਕ ਕੀਤਾ। ਤੁਹਾਡਾ ਸਮਰਥਨ ਹੀ ਸਭ ਕੁਝ ਹੈ।" ਸਾਰਿਆਂ ਲਈ ਸ਼ਾਂਤੀ ਤੇ ਪਿਆਰ।"


ਇੱਕ ਵਿਦੇਸ਼ੀ ਮੀਡੀਆ ਸਮੂਹ ਨਾਲ ਗੱਲ ਕਰਦਿਆਂ ਏਪੀ ਦੇ ਗੁਆਂਢੀ ਡਾਇਨੇ ਰੀਡ ਨੇ ਦੱਸਿਆ ਕਿ ਜਦੋਂ ਫਾਇਰਿੰਗ ਹੋਈ ਤਾਂ ਉਹ ਆਪਣੇ ਘਰ ਵਿੱਚ ਮੌਜੂਦ ਸੀ। ਫਾਇਰਿੰਗ ਦੀ ਆਵਾਜ਼ ਸੁਣ ਕੇ ਉਹ ਜਾਗ ਗਿਆ। ਜਦੋਂ ਉਹ ਬਾਹਰ ਪਹੁੰਚਿਆ ਤਾਂ ਉਥੇ ਕੋਈ ਵੀ ਨਹੀਂ ਸੀ।



ਇੱਕ ਤੇਜ਼ ਰਫ਼ਤਾਰ ਕਾਰ ਉੱਥੋਂ ਭੱਜਦੀ ਹੋਈ ਦਿਖਾਈ ਦਿੱਤੀ। ਜਦੋਂ ਉਸ ਨੇ ਆਪਣੇ ਘਰ ਦੀ ਛੱਤ 'ਤੇ ਜਾ ਕੇ ਦੇਖਿਆ ਤਾਂ ਉਸ ਦੇ ਗੁਆਂਢੀ ਦੇ ਘਰ ਦੇ ਬਾਹਰ ਦੋ ਗੱਡੀਆਂ ਸੜ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਬਚਾਅ ਟੀਮ ਪੁੱਜੀ ਉਦੋਂ ਤੱਕ ਟਰੱਕ ਸੜ ਕੇ ਸੁਆਹ ਹੋ ਚੁੱਕਾ ਸੀ।


ਹਾਸਲ ਜਾਣਕਾਰੀ ਮੁਤਾਬਕ ਘਟਨਾ ਸਮੇਂ ਢਿੱਲੋਂ ਦੇ ਘਰ ਦੇ ਅੰਦਰ ਉਨ੍ਹਾਂ ਦਾ ਕਰੀਬੀ ਸਾਥੀ ਤੇ ਇੰਡੋ-ਕੈਨੇਡੀਅਨ ਰੈਪਰ ਸ਼ਿੰਦਾ ਕਾਹਲੋਂ ਮੌਜੂਦ ਸੀ। ਜਦੋਂ ਘਟਨਾ ਵਾਪਰੀ ਤਾਂ ਸ਼ਿੰਦਾ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ। ਉਹ ਬਿਲਕੁਲ ਠੀਕ ਹੈ। ਇਹ ਘਟਨਾ ਸੋਮਵਾਰ ਤੜਕੇ 1:08 ਵਜੇ ਦੀ ਹੈ, ਜਿਸ ਦੀ ਸੀਸੀਟੀਵੀ ਕੈਨੇਡੀਅਨ ਪੁਲਿਸ ਨੇ ਜ਼ਬਤ ਕਰ ਲਈ ਹੈ। ਇਸ ਦੇ ਆਧਾਰ 'ਤੇ ਮੁਲਜ਼ਮ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।