Fake Currency with Anupam Kher Picture: ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਹਿੰਦੀ ਸਿਨੇਮਾ ਦੇ ਉੱਘੇ ਕਲਾਕਾਰ ਅਨੁਪਮ ਖੇਰ (anupam kher ) ਦੀਆਂ ਤਸਵੀਰਾਂ ਨੋਟਾਂ ਉੱਤੇ ਮਹਾਤਮਾ ਗਾਂਧੀ ਦੀ ਬਜਾਏ ਛਪੀਆਂ ਪਾਈਆਂ ਗਈਆਂ ਹਨ। ਅਹਿਮਦਾਬਾਦ ਪੁਲਿਸ ਨੇ ਅਜਿਹੇ 500 ਰੁਪਏ ਦੇ ਹਜ਼ਾਰਾਂ ਨੋਟ ਜ਼ਬਤ ਕੀਤੇ ਹਨ, ਜਿਨ੍ਹਾਂ ਦੀ ਕੁੱਲ ਰਕਮ 1 ਕਰੋੜ 60 ਲੱਖ ਰੁਪਏ ਦੱਸੀ ਜਾਂਦੀ ਹੈ।


ਇੰਨਾ ਹੀ ਨਹੀਂ ਨੋਟ 'ਤੇ 'ਰਿਜ਼ਰਵ ਬੈਂਕ ਆਫ ਇੰਡੀਆ' ਦੀ ਥਾਂ 'ਰਜ਼ੋਲ ਬੈਂਕ ਆਫ ਇੰਡੀਆ' ਲਿਖਿਆ ਹੋਇਆ ਹੈ। ਇਨ੍ਹਾਂ ਨਕਲੀ ਨੋਟਾਂ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਹੁਣ ਖੁਦ ਅਨੁਪਮ ਖੇਰ ਨੇ ਵੀ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਆਪਣੇ ਪ੍ਰਿੰਟ ਕੀਤੇ ਨੋਟ ਦੀ ਫੋਟੋ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੇਅਰ ਕੀਤੀ ਹੈ



ਇਸ ਵਾਇਰਲ ਵੀਡੀਓ ਨੂੰ ਦੇਖ ਕੇ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਖ਼ੁਦ ਵੀ ਹੈਰਾਨ ਰਹਿ ਗਏ। ਉਨ੍ਹਾਂ ਨੇ ਪੋਸਟ 'ਚ ਲਿਖਿਆ, "ਲਓ ਕਰ ਲਓ ਗੱਲ ! ਪੰਜ ਸੌ ਰੁਪਏ ਦੇ ਨੋਟ 'ਤੇ ਗਾਂਧੀ ਜੀ ਦੀ ਫੋਟੋ ਦੀ ਬਜਾਏ ਮੇਰੀ ਫੋਟੋ ? ਕੁਝ ਵੀ ਹੋ ਸਕਦਾ ਹੈ!"






ਨੋਟ 'ਤੇ ਭਾਰਤੀ ਰਿਜ਼ਰਵ ਬੈਂਕ ਦੀ ਬਜਾਏ ਰਿਜ਼ੋਲ ਬੈਂਕ ਆਫ ਇੰਡੀਆ ਲਿਖਿਆ ਹੋਇਆ ਹੈ, ਨੋਟਾਂ ਦੇ ਬੰਡਲ 'ਤੇ SBI ਦਾ ਨਾਮ ਵੀ ਛਾਪਿਆ ਗਿਆ ਹੈ, ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਧੋਖਾਧੜੀ ਦੀ ਵਿਉਂਤਬੰਦੀ ਲੰਬੀ ਹੈ ਅਤੇ ਡੂੰਘਾਈ ਨਾਲ ਕੀਤੀ ਗਈ ਹੈ।


ਦਰਅਸਲ, ਇੰਡੀਅਨ ਐਕਸਪ੍ਰੈਸ ਦੀ ਇੱਕ ਖ਼ਬਰ ਮੁਤਾਬਕ ਇੱਕ ਸਰਾਫਾ ਵਪਾਰੀ ਮੇਹੁਲ ਠੱਕਰ ਕੋਲੋਂ ਨਕਲੀ ਨੋਟ ਬਰਾਮਦ ਕੀਤੇ ਗਏ ਹਨ। ਸਰਾਫਾ ਵਪਾਰੀ ਨੇ ਦੱਸਿਆ ਕਿ ਉਸ ਨੂੰ 1 ਕਰੋੜ 60 ਲੱਖ ਰੁਪਏ ਨਕਦ ਦਿੱਤੇ ਜਾਣੇ ਸਨ। ਇੱਕ ਵਿਅਕਤੀ ਨੇ ਆਪਣਾ ਬੈਗ ਨਕਦੀ ਨਾਲ ਭਰ ਲਿਆ। ਜਦੋਂ ਬੈਗ ਖੋਲ੍ਹਿਆ ਗਿਆ ਤਾਂ ਮਹਾਤਮਾ ਗਾਂਧੀ ਦੀ ਥਾਂ ਅਨੁਪਮ ਖੇਰ ਦੀ ਤਸਵੀਰ ਦੇ ਨਾਲ ਨਕਲੀ ਨੋਟ ਮਿਲੇ।



ਕਾਰੋਬਾਰੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਅਣਪਛਾਤੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਹੁਣ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਨੋਟ ਕਿਵੇਂ ਬਣੇ ਅਤੇ ਇਸ ਦੇ ਪਿੱਛੇ ਮਾਸਟਰ ਮਾਈਂਡ ਕੌਣ ਹੈ ? ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਨਕਲੀ ਨੋਟ ਕਿੱਥੋਂ ਛਾਪੇ ਜਾ ਰਹੇ ਹਨ ਅਤੇ ਅਜਿਹੀਆਂ ਕਿੰਨੀਆਂ ਜਾਅਲੀ ਕਰੰਸੀਆਂ ਚਲਾਈਆਂ ਗਈਆਂ ਹਨ?