ਵਾਸ਼ਿੰਗਟਨ: ਅਮਰੀਕੀ ਅਦਾਕਾਰਾ ਤੇ ਵਲੌਗਰ ਅਮਾਂਡਾ ਸਰਨੀ (Amanda Cerny) ਕਿਸਾਨ ਅੰਦੋਲਨ ਨੂੰ ਲੈ ਕੇ ਬਹੁਤ ਬੇਬਾਕੀ ਨਾਲ ਟਵੀਟ ਕਰ ਰਹੇ ਹਨ। ਭਾਵੇਂ ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਟ੍ਰੋਲ ਕੀਤਾ ਜਾ ਰਿਹਾ ਹੈ ਪਰ ਉਹ ਇਨ੍ਹਾਂ ਟ੍ਰੋਲਜ਼ ਦਾ ਬਖੂਬੀ ਜਵਾਬ ਦੇ ਰਹੇ ਹਨ।
ਕੌਮਾਂਤਰੀ ਹਸਤੀਆਂ ਦੇ ਟਵੀਟ ਦਾ ਜਵਾਬ ਦੇਣ ਲਈ ਬਾਲੀਵੁੱਡ ਹਸਤੀਆਂ ਅਕਸ਼ੇ ਕੁਮਾਰ, ਅਜੇ ਦੇਵਗਨ, ਸਚਿਨ ਤੇਂਦੁਲਕਰ, ਵਿਰਾਟ ਕੋਹਲੀ ਤੇ ਕਰਨ ਜੌਹਰ ਨੇ ਟਵੀਟ ਕੀਤੇ ਤੇ ਕਿਸਾਨ ਅੰਦੋਲਨ ਨੂੰ ਲੈ ਕੇ ਉਨ੍ਹਾ ਦੀਆਂ ਗੱਲਾਂ ਨੁੰ ‘ਕੂੜ ਪ੍ਰਚਾਰ’ ਦੱਸਿਆ ਹੁਣ ਅਮਾਂਡਾ ਸਰਨੀ ਨੇ ਇੱਕ ਵਾਰ ਟਵੀਟ ਕਰਦਿਆਂ ਇਨ੍ਹਾਂ ਹਸਤੀਆਂ ਵਿਰੁੱਧ ਆਪਣੀ ਭੜਾਸ ਕੱਢੀ ਹੈ।
ਅਮਾਂਡਾ ਸਰਨੀ ਨੇ ਕਿਹਾ ਹੈ ਕਿ ਇਨ੍ਹਾਂ ਬੇਵਕੂਫ਼ਾਂ ਨੂੰ ਕਿਸ ਨੇ ਹਾਇਰ ਕੀਤਾ ਹੈ, ਜਿਨ੍ਹਾਂ ਨੇ ਇਹ ਪ੍ਰੌਪੇਗੰਡਾ ਲਿਖਿਆ ਹੈ। ਪੂਰੀ ਤਰ੍ਹਾਂ ਅਸਬੰਧਤ ਹਸਤੀਆਂ ਭਾਰਤ ਨੂੰ ਤੋੜਨ ਦੀ ਸਾਜ਼ਿਸ਼ ਰਚ ਰਹੀਆਂ ਹਨ ਤੇ ਇਸ ਲਈ ਉਨ੍ਹਾਂ ਨੂੰ ਪੈਸਾ ਵੀ ਮਿਲਿਆ ਹੈ? ਕੁਝ ਤਾਂ ਸੋਚੋ, ਘੱਟੋ-ਘੱਟ ਇਸ ਨੂੰ ਤਾਂ ਕੁਝ ਰੀਅਲਸਟਿਕ ਰੱਖਦੇ। ਇਸ ਤਰ੍ਹਾਂ ਅਮਾਂਡਾ ਨੇ ਜਵਾਬ ਦਿੱਤਾ ਹੈ।
ਦੱਸ ਦੇਈਏ ਕਿ ਅਮਰੀਕੀ ਪੌਪ ਗਾਇਕ ਰਿਹਾਨਾ, ਸਮਾਜਕ ਕਾਰਕੁਨ ਗ੍ਰੇਟਾ ਥਨਬਰਗ ਤੇ ਅਦਾਕਾਰਾ ਮੀਆ ਖ਼ਲੀਫ਼ਾ ਵਾਂਗ ਅਮਾਂਡਾ ਸਰਨੀ ਨੇ ਵੀ ਇੰਸਟਾਗ੍ਰਾਮ ਉੱਤੇ ਆਪਣਾ ਪੱਖ ਰੱਖਿਆ ਸੀ। ਉਨ੍ਹਾਂ ਇੰਸਟਾਗ੍ਰਾਮ ਪੋਸਟ ਉੱਤੇ ਲਿਖਿਆ ਸੀ ਦੁਨੀਆ ਵੇਖ ਰਹੀ ਹੈ। ਤੁਹਾਨੂੰ ਮੁੱਦੇ ਸਮਝਣ ਲਈ ਭਾਰਤੀ ਜਾਂ ਪੰਜਾਬੀ ਜਾਂ ਦੱਖਣੀ ਏਸ਼ੀਆਈ ਹੋਣਾ ਜ਼ਰੂਰੀ ਨਹੀਂ। ਤੁਸੀਂ ਸਿਰਫ਼ ਇਨਸਾਨੀਅਤ ਦੇ ਹਮਾਇਤੀ ਹੋਣੇ ਚਾਹੀਦੇ ਹੋ। ਸਦਾ ਪ੍ਰਗਟਾਵੇ ਦੀ ਆਜ਼ਾਦੀ ਪ੍ਰੈੱਸ ਦੀ ਆਜ਼ਾਦੀ, ਮੂਲ ਨਾਗਰਿਕ ਅਧਿਕਾਰਾ ਮਜ਼ਦੂਰਾਂ ਲਈ ਸਮਾਨਤਾ ਤੇ ਸਤਿਕਾਰ ਦੀ ਮੰਗ ਕਰਨੀ ਚਾਹੀਦੀ ਹੈ।