ਮੁੰਬਈ: ਮੈਗਾਸਟਾਰ ਅਮਿਤਾਭ ਬੱਚਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਹੁਣ ਤੱਕ ਕੋਰੋਨਾ ਵਾਇਰਸ ਮਹਾਂਮਾਰੀ ਖਿਲਾਫ ਭਾਰਤ ਦੀ ਲੜਾਈ ਵਿੱਚ ਲਈ ਘੱਟੋ-ਘੱਟ 15 ਕਰੋੜ ਰੁਪਏ ਦਾਨ ਕਰ ਚੁੱਕੇ ਹਨ ਤੇ ਜ਼ਰੂਰਤ ਪੈਣ ‘ਤੇ ਉਹ ਆਪਣੇ ‘ਨਿੱਜੀ ਫੰਡ’ ਵਿੱਚੋਂ ਵੱਧ ਯੋਗਦਾਨ ਪਾਉਣ ਤੋਂ ਪਿੱਛੇ ਨਹੀਂ ਹਟਣਗੇ। ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਅਮਿਤਾਭ ਦੇ ਦਾਨ ਬਾਰੇ ਇਹ ਬਲਾਗ ਉਦੋਂ ਆਇਆ ਜਦੋਂ ਲੋਕ ਉਨ੍ਹਾਂ ਨੂੰ ਮਦਦ ਨਾ ਕਰਨ ਲਈ ਟ੍ਰੋਲ ਕਰ ਰਹੇ ਸਨ।


ਇਹ ਕਿਹਾ ਜਾ ਰਿਹਾ ਸੀ ਕਿ ਅਮਿਤਾਭ ਨੇ ਇਸ ਮਹਾਂਮਾਰੀ ਦੇ ਵਿਰੁੱਧ ਲੜਾਈ ਵਿੱਚ ਕੋਈ ਯੋਗਦਾਨ ਨਹੀਂ ਪਾਇਆ। ਇਸ ਦੇ ਜਵਾਬ ਵਿੱਚ ਬਿੱਗ ਬੀ ਨੇ ਆਪਣੇ ਬਲਾਗ ਵਿੱਚ ਇੱਕ ਲੰਬੀ ਪੋਸਟ ਲਿਖੀ ਤੇ ਦੱਸਿਆ ਕਿ ਉਨ੍ਹਾਂ ਨੇ ਹੁਣ ਤੱਕ ਕੀ ਕੀਤਾ ਹੈ।


ਸੋਮਵਾਰ ਦੀ ਰਾਤ ਨੂੰ 78 ਸਾਲਾ ਅਭਿਨੇਤਾ ਨੇ ਆਪਣੇ ਬਲਾਗ 'ਤੇ ਲਿਖਿਆ, "ਬਹੁਤ ਸਾਰੇ ਲੋਕਾਂ ਨੇ ਵਾਇਰਸ ਵਿਰੁੱਧ ਇਸ ਲੜਾਈ ਵਿੱਚ ਯੋਗਦਾਨ ਪਾਇਆ ਹੈ ਤੇ ਇਹ ਜਾਰੀ ਰਹੇਗਾ।" ਇਸ ਸਮੇਂ ਦਿੱਲੀ ਦੇ ਇੱਕ ਕੋਵਿਡ ਕੇਅਰ ਸੈਂਟਰ ਨੂੰ ਮੇਰੇ ਵੱਲੋਂ ਦੋ ਕਰੋੜ ਰੁਪਏ ਦੇ ਦਾਨ ਬਾਰੇ ਜਾਣਕਾਰੀ ਬਹੁਤ ਚਰਚਾ ਵਿੱਚ ਹੈ। ਹਾਲਾਂਕਿ ਸਮਾਂ ਬੀਤਣ ਦੇ ਨਾਲ, ਮੇਰਾ ਨਿੱਜੀ ਯੋਗਦਾਨ ਤੇ ਦਾਨ ਦਾ ਅੰਕੜਾ ਲਗਭਗ 15 ਕਰੋੜ ਰੁਪਏ ਦਾ ਹੋਵੇਗਾ।" ਬਿੱਗ ਬੀ ਨੇ ਅੱਗੇ ਕਿਹਾ ਕਿ ਅਜਿਹੇ ਅੰਕੜੇ ਮੇਰੀ ਸਮਰੱਥਾ ਤੋਂ ਬਾਹਰ ਹਨ, ਪਰ ਮੈਂ ਉਨ੍ਹਾਂ ਲਈ ਕੰਮ ਕਰਦਾ ਹਾਂ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਹੈ। ਪ੍ਰਮਾਤਮਾ ਦੀ ਕ੍ਰਿਪਾ ਸਦਕਾ ਹੀ ਮੈਂ ਇਹ ਰਕਮ ਦੇਣ ਦੇ ਯੋਗ ਹਾਂ।


ਅਮਿਤਾਭ ਨੇ ਅੱਗੇ ਕਿਹਾ ਕਿ ਮੈਂ ਜੋ ਵੀ ਮਦਦ ਕੀਤੀ, ਉਸ ਦਾ ਪ੍ਰਚਾਰ ਨਹੀਂ ਕੀਤਾ। ਜੇ ਆਉਣ ਵਾਲੇ ਸਮੇਂ ਵਿੱਚ ਮੈਨੂੰ ਨਿਜੀ ਫੰਡਾਂ ਤੋਂ ਵਧੇਰੇ ਸਹਾਇਤਾ ਦੀ ਜ਼ਰੂਰਤ ਹੋਏਗੀ ਤਾਂ ਮੈਂ ਸੰਕੋਚ ਨਹੀਂ ਕਰਾਂਗਾ। ਬੱਚਨ ਨੇ ਅੱਗੇ ਦੱਸਿਆ ਕਿ ਰਕਾਬ ਗੰਜ ਸਾਹਿਬ ਦੇ ਕੋਵਿਡ ਸੈਂਟਰ ਵਿਖੇ ਜਲਦੀ ਹੀ ਇਲਾਜ਼ ਸ਼ੁਰੂ ਹੋ ਜਾਵੇਗਾ। 20 ਵੈਂਟੀਲੇਟਰ ਜੋ ਉਨ੍ਹਾਂ ਵਿਦੇਸ਼ ਤੋਂ ਮੰਗਵਾਏ ਸਨ, ਆਉਣੇ ਸ਼ੁਰੂ ਹੋ ਗਏ ਹਨ। ਅਮਿਤਾਭ ਨੇ ਆਕਸੀਜਨ ਕੰਸਟ੍ਰੇਟਸਰ ਵੀ ਆਯਾਤ ਕੀਤੇ ਹਨ ਤੇ ਉਨ੍ਹਾਂ ਦੀ ਸਪੁਰਦਗੀ ਵਿਦੇਸ਼ੀ ਕੰਪਨੀਆਂ ਦੇ ਸਪਲਾਇਰਾਂ ਦੁਆਰਾ ਕੀਤੀ ਜਾ ਰਹੀ ਹੈ।