ਚੰਡੀਗੜ੍ਹ: ਭਾਰਤੀ ਫ਼ਿਲਮ ਇੰਡਸਟਰੀ ਅਜੇ ਇਰਫ਼ਾਨ ਖ਼ਾਨ ਦੇ ਸਦਮੇ 'ਚੋਂ ਉੱਭਰ ਨਹੀਂ ਸਕੀ ਸੀ ਕਿ ਹੁਣ ਦਿੱਗਜ਼ ਅਦਾਕਾਰ ਰਿਸ਼ੀ ਕਪੂਰ ਦੁਨੀਆਂ ਨੂੰ ਅਲਵਿਦਾ ਕਹਿ ਗਏ। ਵੀਰਵਾਰ 30 ਅਪ੍ਰੈਲ ਨੂੰ ਰਿਸ਼ੀ ਕਪੂਰ ਨੇ ਮੁੰਬਈ ਨੇ ਐਚਐਨ ਰਿਲਾਇੰਸ ਹਸਪਤਾਲ 'ਚ ਆਖਰੀ ਸਾਹ ਲਏ। ਰਿਸ਼ੀ ਕਪੂਰ ਲੰਮੇ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ ਤੇ ਕਰੀਬ ਸਾਲ ਭਰ ਉਨ੍ਹਾਂ ਦਾ ਨਿਊਯਾਰਕ 'ਚ ਇਲਾਜ ਚੱਲਿਆ। ਰਿਸ਼ੀ ਕਪੂਰ ਦੇ ਦੇਹਾਂਤ ਦੀ ਖ਼ਬਰ ਸਭ ਤੋਂ ਪਹਿਲਾਂ ਅਮਿਤਾਬ ਬਚਨ ਨੇ ਦਿੱਤੀ।

ਰਿਸ਼ੀ ਕਪੂਰ ਨਾਲ ਕਈ ਫ਼ਿਲਮਾਂ 'ਚ ਕੰਮ ਕਰ ਚੁੱਕੇ ਬਾਲੀਵੁੱਡ ਦੇ ਮਹਾਨਾਇਕ ਅਮਿਤਾਬ ਬਚਨ ਨੇ ਵੀਰਵਾਰ ਸਵੇਰ 9 ਵਜ ਕੇ 32 ਮਿੰਟ 'ਤੇ ਟਵੀਟ ਕਰਕੇ ਰਿਸ਼ੀ ਕਪੂਰ ਦੀ ਮੌਤ ਦੀ ਖ਼ਬਰ ਦਿੱਤੀ। ਉਨ੍ਹਾਂ ਲਿਖਿਆ ਉਹ ਚਲੇ ਗਏ....ਰਿਸ਼ੀ ਕਪੂਰ...ਚਲੇ ਗਏ....ਹੁਣੇ ਉਨ੍ਹਾਂ ਦੀ ਮੌਤ ਹੋ ਗਈ....ਮੈਂ ਤਬਾਹ ਹੋ ਗਿਆ ਹਾਂ।



ਰਿਸ਼ੀ ਕਪੂਰ ਤੇ ਅਮਿਤਾਬ ਬਚਨ ਕਾਫੀ ਕਰੀਬੀ ਸਨ। ਦੋਵਾਂ ਨੇ 70ਵੇਂ ਤੇ 80ਵੇਂ ਦਹਾਕੇ 'ਚ ਇਕੱਠਿਆਂ ਕਭੀ-ਕਭੀ, ਅਜੂਬਾ, ਕੁਲੀ ਔਰ ਅਮਰ, ਅਕਬਰ, ਐਂਥਨੀ ਜਿਹੀਆਂ ਫ਼ਿਲਮਾਂ 'ਚ ਕੰਮ ਕੀਤਾ ਸੀ।

ਦੋਵੇਂ ਦਿੱਗਜ਼ ਅਦਾਕਾਰ ਆਖ਼ਰੀ ਵਾਰ 27 ਸਾਲ ਬਾਅਦ ਇਕੱਠੇ ਸਕ੍ਰੀਨ 'ਤੇ ਆਏ ਸਨ। ਸਾਲ 2018 'ਚ ਉਨ੍ਹਾਂ ਦੀ ਫ਼ਿਲਮ '102-ਨੌਟ ਆਊਟ' ਆਈ ਸੀ, ਜਿਸ 'ਚ ਰਿਸ਼ੀ ਕਪੂਰ ਅਮਿਤਾਬ ਦੇ ਬੇਟੇ ਬਣੇ ਸਨ।