ਮੁੰਬਈ: ਮੈਗਾਸਟਾਰ ਅਮਿਤਾਭ ਬੱਚਨ ਨੂੰ ਬਾਲੀਵੁੱਡ ਦਾ ਬਿੱਗ ਬੀ ਸਹੀ ਹੀ ਕਿਹਾ ਜਾਂਦਾ ਹੈ। ਇਸ ਦੇ ਕਈ ਕਾਰਨ ਵੀ ਹਨ। ਹਾਲ ਹੀ ‘ਚ ਬਿੱਗ ਬੀ ਆਪਣੀ ਅਗਲੀ ਫ਼ਿਲਮ ‘ਚਿਹਰਾ’ ਦੀ ਸ਼ੂਟਿੰਗ ਕਰ ਰਹੇ ਹਨ। ਇਸ ‘ਚ ਇੱਕ 14 ਮਿੰਟ ਲੰਬਾ ਸੀਨ ਸ਼ਹਿਨਸ਼ਾਹ ਨੇ ਇੱਕ ਹੀ ਟੇਕ ‘ਚ ਕਰ ਦਿੱਤਾ। ਆਪਣੇ ਇਸ ਹੁਨਰ ਨਾਲ ਉਨ੍ਹਾਂ ਨੇ ਸਾਰੀ ਟੀਮ ਨੂੰ ਹੈਰਾਨ ਕਰ ਦਿੱਤਾ। ਇਸ ਦੇ ਨਾਲ ਹੀ ਜਦੋਂ ਹੀ ਅਮਿਤਾਭ ਨੇ ਸੀਨ ਪੂਰਾ ਕੀਤਾ ਤਾਂ ਫ਼ਿਲਮ ਦੇ ਪ੍ਰੋਡਿਊਸਰ ਆਨੰਦ ਪੰਡਤ ਨੇ ਉਨ੍ਹਾਂ ਦੀ ਖੂਬ ਤਾਰੀਫ ਕੀਤੀ ਹੈ। ਉਨ੍ਹਾਂ ਨੇ ਇਸ ਲਈ ਸੋਸ਼ਲ ਮੀਡੀਆ ‘ਤੇ ਲੰਬਾ ਜਿਹਾ ਮੈਸੇਜ ਵੀ ਲਿਖਿਆ ਹੈ। ਇਸ ‘ਚ ਉਨ੍ਹਾਂ ਨੇ ਬਿੱਗ ਬੀ ਦੀ ਤਾਰੀਫ ਕੀਤੀ ਤੇ ਦੱਸਿਆ ਕਿ ਇਸ ਸੀਨ ਦੀ ਸ਼ੂਟਿੰਗ ਤੋਂ ਬਾਅਦ ਸੈੱਟ ‘ਤੇ ਤਾੜੀਆਂ ਦੀ ਗੂੰਜ ਸੁਣਾਈ ਦਿੱਤੀ। ਸਾਉਂਡ ਆਰਟਿਸਟ ਰੇਸੂਲ ਪੂਕੁੱਟੀ ਨੇ ਵੀ ਬਿੱਗ ਬੀ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੇ 16 ਜੂਨ ਨੂੰ ਬਿੱਗ ਬੀ ਲਈ ਟਵੀਟ ਕੀਤਾ ਤੇ ਇਸ ਲਈ ਬਿੱਗ ਬੀ ਨੇ ਵੀ ਰਿਪਲਾਈ ਕੀਤਾ। ਬਿੱਗ ਬੀ ਨੇ ਰੇਸੂਲ ਨੂੰ ਜਵਾਬ ਦਿੰਦੇ ਹੋਏ ਲਿਖਿਆ, “ਰੇਸੂਲ,, ਜਿੰਨੇ ਦਾ ਮੈਂ ਹੱਕਦਾਰ ਹਾਂ ਜਾਂ ਜਿੰਨੀ ਮੇਰੀ ਯੋਗਤਾ ਹੈ ਤੁਸੀਂ ਉਸ ਤੋਂ ਕਿਤੇ ਜ਼ਿਆਦਾ ਕ੍ਰੈਡਿਟ ਮੈਨੂੰ ਦਿੱਤਾ ਹੈ।” ਫ਼ਿਲਮ ‘ਚਿਹਰਾ’ ਇੱਕ ਰਹੱਸਮਈ ਫ਼ਿਲਮ ਹੈ ਜਿਸ ‘ਚ ਅਮਿਤਾਭ ਨਾਲ ਪਹਿਲੀ ਵਾਰ ਸਕਰੀਨ ‘ਤੇ ਇਮਰਾਨ ਹਾਸ਼ਮੀ ਨਜ਼ਰ ਆਉਣਗੇ। ਰੂਮੀ ਜਾਫਰੀ ਫ਼ਿਲਮ ਦਾ ਡਾਇਰੈਕਸ਼ਨ ਕਰ ਰਹੇ ਹਨ।