Anant Ambani Radhika Merchant Wedding: ਅੰਬਾਨੀ ਪਰਿਵਾਰ ਦੇ ਫਰਜ਼ੰਦ ਅਨੰਤ ਦਾ ਰਾਧਿਕਾ ਨਾਲ ਵਿਆਹ ਹੋਣ ਜਾ ਰਿਹਾ ਹੈ। ਇਸ ਵਿਆਹ ਲਈ ਮੁੰਬਈ ਦੇ ਬਾਂਦਰਾ ਕੁਰਲਾ ਸਥਿਤ ਜੀਓ ਵਰਲਡ ਸੈਂਟਰ 'ਭਾਰਤੀ ਥੀਮ' ਨਾਲ ਪੂਰੀ ਤਰ੍ਹਾਂ ਤਿਆਰ ਹੈ। ਅਨੰਤ ਤੇ ਰਾਧਿਕਾ ਦਾ ਵਿਆਹ ਅੱਜ 12 ਜੁਲਾਈ 2024 ਨੂੰ ਇੱਕ ਸ਼ਾਨਦਾਰ ਸਮਾਰੋਹ ਵਿੱਚ ਹੋਵੇਗਾ। 



ਦੇਸ਼-ਵਿਦੇਸ਼ ਤੋਂ ਆਏ ਮਹਿਮਾਨਾਂ ਨੂੰ ਭਾਰਤ ਦਰਸ਼ਨ ਕਰਾਉਣ ਲਈ ਪੂਰੇ ਸਥਾਨ ਨੂੰ ਭਾਰਤੀਅਤਾ ਦੇ ਰੰਗਾਂ ਵਿੱਚ ਰੰਗਿਆ ਗਿਆ ਹੈ। ਮਹਿਮਾਨਾਂ ਦਾ ਡ੍ਰੈੱਸ ਕੋਡ ਹੋਵੇ, ਸਜਾਵਟ ਲਈ ਉੱਕਰੀਆਂ ਫੁੱਲ-ਪੱਤੀਆਂ, ਸੰਗੀਤ ਜਾਂ ਪਕਵਾਨਾਂ ਦੀ ਕਿਸਮ ਸਭ ਪੂਰੀ ਤਰ੍ਹਾਂ ਭਾਰਤੀ ਹਨ।​​​​



ਵਿਆਹ ਸਮਾਗਮ ਵਾਲੀ ਥਾਂ 'ਤੇ ਕਾਸ਼ੀ ਯਾਨੀ ਬਨਾਰਸ ਦੇ ਘਾਟਾਂ ਨੂੰ ਬਿਲਕੁਲ ਉਸੇ ਤਰ੍ਹਾਂ ਬਣਾਇਆ ਗਿਆ ਹੈ। ਇਨ੍ਹਾਂ ਘਾਟਾਂ 'ਤੇ ਮਹਿਮਾਨ ਸ਼ਹਿਰ ਦੀ ਚਾਟ , ਕਚੌਰੀ ਤੇ ਪਾਨ ਦਾ ਆਨੰਦ ਲੈ ਸਕਣਗੇ। ਵਿਆਹ ਦੀਆਂ ਰਸਮਾਂ ਬਾਬਾ ਵਿਸ਼ਵਨਾਥ ਮੰਦਰ ਦੀ ਪ੍ਰਤੀਕ੍ਰਿਤੀ ਤੇ ਬਨਾਰਸ ਦੀਆਂ ਅਮੀਰ ਤੇ ਪ੍ਰਾਚੀਨ ਪਰੰਪਰਾਵਾਂ ਦੇ ਵਿਚਕਾਰ ਕੀਤੀਆਂ ਜਾਣਗੀਆਂ। ਸਵਾਦ ਦੇ ਨਾਲ-ਨਾਲ ਸੰਗੀਤਕ ਜੁਗਲਬੰਦੀ ਵੀ ਹੋਵੇਗੀ। 


ਕਾਸ਼ੀ ਦੇ ਸਥਾਨਕ ਕਲਾਕਾਰ ਤੇ ਸੰਗੀਤਕਾਰ ਮਹਿਮਾਨਾਂ ਦੇ ਕੰਨਾਂ ਵਿੱਚ ਸੰਗੀਤ ਜੋੜਨਗੇ। ਅਨੰਤ ਦੀ ਮਾਂ ਨੀਤਾ ਅੰਬਾਨੀ ਦਾ ਬਨਾਰਸ ਤੇ ਬਨਾਰਸੀ ਬੁਣਕਰਾਂ ਨਾਲ ਪੁਰਾਣਾ ਰਿਸ਼ਤਾ ਹੈ। ਹਾਲ ਹੀ ਵਿੱਚ ਨੀਤਾ ਅੰਬਾਨੀ ਨੇ ਕਾਸ਼ੀ ਵਿੱਚ ਭਗਵਾਨ ਵਿਸ਼ਵਨਾਥ ਦੇ ਚਰਨਾਂ ਵਿੱਚ ਵਿਆਹ ਦਾ ਸੱਦਾ ਦਿੱਤਾ ਸੀ।


ਅਨੰਤ-ਰਾਧਿਕਾ ਦੇ ਵਿਆਹ ਵਿੱਚ ਹਿੰਦੁਸਤਾਨੀ ਸੰਗੀਤ ਦੇ ਉਸਤਾਦ ਦੁਨੀਆ ਨੂੰ ਭਾਰਤ ਦੀਆਂ ਅਮੀਰ ਸੰਗੀਤਕ ਪਰੰਪਰਾਵਾਂ ਤੋਂ ਜਾਣੂ ਕਰਵਾਉਣਗੇ। ਮਹਿਮਾਨ ਸਿਤਾਰ, ਸ਼ਹਿਨਾਈ, ਸਰੋਦ, ਰਾਜਸਥਾਨੀ ਲੋਕ ਸੰਗੀਤ, ਹਿੰਦੁਸਤਾਨੀ ਸ਼ਾਸਤਰੀ ਸੰਗੀਤ ਤੇ ਗ਼ਜ਼ਲ ਦਾ ਵੀ ਆਨੰਦ ਲੈਣਗੇ। ਸਮਾਗਮ ਨੂੰ “ਭਜਨ ਤੋਂ ਲੈ ਕੇ ਬਾਲੀਵੁੱਡ” ਤੱਕ ਦੇ ਸੰਗੀਤ ਨਾਲ ਸਜਾਇਆ ਜਾਵੇਗਾ। 


ਪ੍ਰਸਿੱਧ ਭਾਰਤੀ ਸੰਗੀਤਕਾਰ ਤੇ ਗਾਇਕ ਸ਼ੰਕਰ ਮਹਾਦੇਵਨ, ਹਰੀਹਰਨ, ਸੋਨੂੰ ਨਿਗਮ, ਸ਼੍ਰੇਆ ਘੋਸ਼ਾਲ ਤੇ ਕੌਸ਼ਿਕੀ ਚੱਕਰਵਰਤੀ, ਅਮਿਤ ਤ੍ਰਿਵੇਦੀ, ਨੀਤੀ ਮੋਹਨ ਤੇ ਪ੍ਰੀਤਮ ਪੇਸ਼ ਕਰਨਗੇ। ਲੋਕ ਗਾਇਕ ਮਾਮੇ ਖਾਨ ਤੇ ਗ਼ਜ਼ਲ ਕਲਾਕਾਰ ਕਵਿਤਾ ਸੇਠ ਵੀ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨ ਮੋਹਣਗੇ। ਅਨਿਲ ਭੱਟ, ਸੁਮੀਤ ਭੱਟ ਤੇ ਵਿਵੇਕ ਭੱਟ ਸੰਗੀਤ ਵਿੱਚ ਪੰਜਾਬੀ ਉਪਭਾਸ਼ਾਵਾਂ ਦਾ ਸੁਆਦ ਜੋੜਨਗੇ।


ਅੰਬਾਨੀ ਪਰਿਵਾਰ ਹਿੰਦੂ ਰੀਤੀ ਰਿਵਾਜਾਂ ਤੇ ਸਨਾਤਨ ਧਰਮ ਵਿੱਚ ਬਹੁਤ ਵਿਸ਼ਵਾਸ ਰੱਖਦਾ ਹੈ। ਇਸ ਲਈ ਕਾਸ਼ੀ ਦਾ ਥੀਮ ਚੁਣਿਆ ਗਿਆ ਹੈ।​​ ਵਿਆਹ ਸਮਾਗਮ ਵਿੱਚ ਧਰਤੀ ਦੇ ਰਖਵਾਲਾ ਵਿਸ਼ਨੂੰ ਦਸ਼ਾਵਤਾਰ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਹੈ। ਵਿਸ਼ਨੂੰ ਦੇ ਦਸ ਅਵਤਾਰਾਂ ਨੂੰ ਆਡੀਓ ਵਿਜ਼ੂਅਲ ਰਾਹੀਂ ਵਿਸਥਾਰ ਨਾਲ ਸਮਝਾਇਆ ਗਿਆ ਹੈ​। ਇਹ ਪ੍ਰਦਰਸ਼ਨੀ ਵਿਆਹ ਤੋਂ ਬਾਅਦ ਵੀ ਜਾਰੀ ਰਹੇਗੀ।