ਮੁੰਬਈ: ਪੁਲਵਾਮਾ ਵਿੱਚ ਫਿਦਾਈਨ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਬਾਰੇ ਬਿਆਨ ਦੇਣ ਮਗਰੋਂ ਨਵਜੋਤ ਸਿੱਧੂ ਨੂੰ 'ਦ ਕਪਿਲ ਸ਼ਰਮਾ ਸ਼ੋਅ' ਵਿੱਚੋਂ ਬਾਹਰ ਕਰਨ ਤੇ ਉਨ੍ਹਾਂ ਦੀ ਥਾਂ ਅਰਚਨਾ ਪੂਰਨ ਸਿੰਘ ਨੂੰ ਸ਼ਾਮਲ ਕੀਤੇ ਜਾਣ ਦੀਆਂ ਖ਼ਬਰਾਂ ਸਨ। ਪਰ ਅਰਚਨਾ ਨੇ ਕਪਿਲ ਨਾਲ ਸ਼ੂਟਿੰਗ ਇਸ ਹਮਲੇ ਤੋਂ ਪਹਿਲਾਂ ਹੀ ਕਰ ਲਈ ਸੀ।
ਇਹ ਵੀ ਪੜ੍ਹੋ- ਪੁਲਵਾਮਾ ਦਹਿਸ਼ਤੀ ਹਮਲੇ 'ਤੇ ਕੀਤੀਆਂ ਟਿੱਪਣੀਆਂ ਨੇ ਵਧਾਈਆਂ ਸਿੱਧੂ ਦੀਆਂ ਮੁਸ਼ਕਲਾਂ, ਛੁੱਟਿਆ ਕਪਿਲ ਸ਼ਰਮਾ ਸ਼ੋਅ
ਅਰਚਨਾ ਨੇ ਏਬੀਪੀ ਨਿਊਜ਼ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਿੱਧੂ ਦੀ ਗ਼ੈਰਹਾਜ਼ਰੀ ਵਿੱਚ ਉਨ੍ਹਾਂ ਕਪਿਲ ਦੇ ਸ਼ੋਅ ਵਿੱਚ ਦੋ ਐਪੀਸੋਡ ਸ਼ੂਟ ਕੀਤੇ ਹਨ, ਜਿਨ੍ਹਾਂ ਦੀ ਸ਼ੂਟਿੰਗ ਪੁਲਵਾਮਾ ਹਮਲੇ ਤੋਂ ਪਹਿਲਾਂ ਕੀਤੀ ਗਈ ਸੀ। ਬੀਤੇ ਦਿਨੀਂ ਵੀ ਅਰਚਨਾ ਹੀ ਪੰਜ ਦਿਨ ਪੁਰਾਣੀ ਵੀਡੀਓ ਵਾਇਰਲ ਹੋਈ ਸੀ, ਜੋ ਇਹ ਦਰਸਾਉਂਦੀ ਸੀ ਕਿ ਉਨ੍ਹਾਂ ਕਪਿਲ ਨਾਲ ਸ਼ੂਟਿੰਗ ਕੀਤੀ ਹੈ।
ਉਨ੍ਹਾਂ ਏਬੀਪੀ ਨਿਊਜ਼ ਨੂੰ ਦੱਸਿਆ ਕਿ ਬਤੌਰ ਜਜ ਉਹ ਸਿੱਧੂ ਦੀ ਥਾਂ ਨੌਂ ਫਰਵਰੀ ਤੇ 13 ਫਰਵਰੀ ਨੂੰ ਸ਼ੂਟਿੰਗ ਕੀਤੀ ਸੀ। ਪੁਲਵਾਮਾ ਹਮਲਾ 14 ਫਰਵਰੀ ਨੂੰ ਹੋਇਆ ਤੇ ਸਿੱਧੂ ਨੇ ਬਿਆਨ ਅਗਲੇ ਦਿਨ ਆਇਆ। ਅਰਚਨਾ ਨੇ ਇਹ ਵੀ ਦੱਸਿਆ ਕਿ ਚੈਨਲ ਵੱਲੋਂ ਉਨ੍ਹਾਂ ਨੂੰ ਦੋ ਐਪੀਸੋਡ ਸ਼ੂਟ ਕਰਨ ਲਈ ਹੀ ਸੱਦਿਆ ਗਿਆ ਸੀ।
ਸਬੰਧਤ ਖ਼ਬਰ- ਕੀ ਕਪਿਲ ਦੇ ਸ਼ੋਅ 'ਚੋਂ ਸਿੱਧੂ ਦੀ ਛੁੱਟੀ ਪਹਿਲਾਂ ਹੀ ਸੀ ਤੈਅ...? ਇਸ ਵੀਡੀਓ ਨੇ ਚੁੱਕੇ ਸਵਾਲ
ਇਹ ਪੁੱਛਣ 'ਤੇ ਕਿ ਕੀ ਉਹ ਸਿੱਧੂ ਨੂੰ ਰਿਪਲੇਸ ਕਰਦਿਆਂ ਅੱਗੇ ਵੀ ਕਪਿਲ ਦੇ ਸ਼ੋਅ ਦੀ ਸ਼ੂਟਿੰਗ ਜਾਰੀ ਰੱਖਣਗੇ, ਤਾਂ ਅਰਚਨਾ ਪੂਰਨ ਸਿੰਘ ਦਾ ਜਵਾਬ ਸੀ ਕਿ ਫਿਲਹਾਲ ਚੈਨਲ ਨੇ ਉਨ੍ਹਾਂ ਨੂੰ ਅਜਿਹਾ ਕੋਈ ਆਫਰ ਨਹੀਂ ਦਿੱਤਾ। ਅਰਚਨਾ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਕੋਲ ਕੋਈ ਵੀ ਜਾਣਕਾਰੀ ਨਹੀਂ ਹੈ। ਇਸੇ ਦੌਰਾਨ ਨਵਜੋਤ ਸਿੱਧੂ ਨੇ ਵੀ ਅੱਜ ਬਿਆਨ ਦਿੱਤਾ ਹੈ ਕਿ ਉਨ੍ਹਾਂ ਨੂੰ ਦ ਕਪਿਲ ਸ਼ਰਮਾ ਸ਼ੋਅ ਵਿੱਚੋਂ ਹਟਾਇਆ ਨਹੀਂ ਗਿਆ ਹੈ ਅਤੇ ਨਾ ਹੀ ਚੈਨਲ ਵੱਲੋਂ ਉਨ੍ਹਾਂ ਨੂੰ ਕੱਢੇ ਜਾਣ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਉਨ੍ਹਾਂ ਨੂੰ ਮਿਲੀ ਹੈ। ਇਸ ਪੂਰੇ ਮਸਲੇ 'ਤੇ ਸੋਨੀ ਚੈਨਲ ਨੇ ਚੁੱਪੀ ਧਾਰੀ ਹੋਈ ਹੈ।