ਨਵੀਂ ਦਿੱਲੀ: ਜਦੋਂ ਅਸੀਂ ਸਾਰੇ ਲੌਕਡਾਊਨ ਦੌਰਾਨ ਆਪੋ-ਆਪਣੇ ਘਰਾਂ ਅੰਦਰ ਬੰਦ ਸਾਂ, ਤਦ ਸੋਨੂੰ ਸੂਦ ਘਰੋਂ ਬਾਹਰ ਆ ਕੇ ਮਜ਼ਦੂਰ ਭਰਾਵਾਂ ਨੂੰ ਉਨ੍ਹਾਂ ਦ ਘਰਾਂ ਤੱਕ ਪਹੁੰਚਾਉਣ ਵਿੱਚ ਮਦਦ ਕਰ ਰਹੇ ਸਨ। ਲੌਕਡਾਊਨ ਦੌਰਾਨ ਸੋਨੂੰ ਸੂਦ ਨੇ ਸਹਿਰਾਂ ’ਚ ਫਸੇ ਪ੍ਰਵਾਸੀਆਂ ਲਈ ਟ੍ਰਾਂਸਪੋਰਟ ਦੇ ਇੰਤਜ਼ਾਮ ਕੀਤੇ ਸਨ।


ਇੱਥੇ ਹੀ ਬੱਸ ਨਹੀਂ, ਉਸ ਤੋਂ ਬਾਅਦ ਸੋਨੂੰ ਨੇ ਦੇਸ਼ ਤੋਂ ਬਾਹਰ ਫਸੇ ਲੋਕਾਂ ਦੀ ਮਦਦ ਕਰਨ ਦਾ ਵੀ ਸੰਕਲਪ ਲਿਆ ਤੇ ਉਨ੍ਹਾਂ ਲਈ ਹਵਾਈ ਯਾਤਰਾ ਦਾ ਇੰਤਜ਼ਾਮ ਕੀਤਾ। ਉਨ੍ਹਾਂ ਗ਼ਰੀਬਾਂ ਦੀ ਸਿੱਖਿਆ ਤੇ ਮੈਡੀਕਲ ਸਹੂਲਤਾਂ ਨਾਲ ਸਬੰਧਤ ਵੀ ਮਦਦ ਕੀਤੀ। ਆਖ਼ਰ ਸੋਨੂੰ ਸੂਦ ਦੀ ਮਿਹਨਤ ਰੰਗ ਲਿਆਈ ਤੇ ਹੁਣ ਸੋਨੂੰ ਸੂਦ ਗਲੋਬਲ ਏਸ਼ੀਅਨ ਸੈਲੀਬ੍ਰਿਟੀ ਬਣ ਗਏ ਹਨ।



ਦਰਅਸਲ, ਸੋਨੂੰ ਸੂਦ ਇੰਗਲੈਂਡ ਸਥਿਤ ਪੋਰਟਲ ‘ਈਸਟਰਨ ਆਈ’ ਵੱਲੋਂ ਪ੍ਰਕਾਸ਼ਿਤ ’50 ਏਸ਼ੀਆਈ ਸੈਲੀਬ੍ਰਿਟੀਜ਼ ਇਨ ਦਿ ਵਰਲਡ’ ਸੂਚੀ ਵਿੱਚ ਨੰਬਰ-1 ਦਾ ਸਥਾਨ ਹਾਸਲ ਕਰਨ ਵਿੱਚ ਸਫ਼ਲ ਰਹੇ ਹਨ। ਇਹ ਫ਼ੇਮ ਮਿਲਣ ਤੋਂ ਬਾਅਦ ਅਦਾਕਾਰ ਸੋਨੂੰ ਸੂਦ ਕਾਫ਼ੀ ਜ਼ਿਆਦਾ ਖ਼ੁਸ਼ ਹਨ। ਸੋਨੂੰ ਨੇ ਧੰਨਵਾਦ ਕਰਦਿਆਂ ਕਿਹਾ,‘ਥੈਂਕ ਯੂ ‘ਈਸਟਰਨ ਆਈ,’ ਤੁਸੀਂ ਮੇਰੀਆਂ ਕੋਸ਼ਿਸ਼ਾਂ ਨੂੰ ਪਛਾਣਿਆ। …ਮੈਂ ਕੁਝ ਕਰਨ ਲਈ ਮੁੰਬਈ ਆਇਆ ਸਾਂ, ਇਹ ਇੱਕ ਭਾਰਤੀ ਵਜੋਂ ਮੇਰੀ ਜ਼ਿੰਮੇਵਾਰੀ ਸੀ ਅਤੇ ਜੋ ਮੈਂ ਕੀਤਾ, ਮੈਂ ਆਪਣੇ ਆਖ਼ਰੀ ਸਾਹ ਤੱਕ ਨਹੀਂ ਰੁਕਾਂਗਾ।’

50 ਏਸ਼ੀਆਈ ‘ਸੈਲੀਬ੍ਰਿਟੀਜ਼ ਇਨ ਦਿ ਵਰਲਡ’ ਸੂਚੀ ਵਿੱਚ ਸੋਨੂੰ ਸੂਦ ਤੋਂ ਇਲਾਵਾ ਪ੍ਰਿਅੰਕਾ ਚੋਪੜਾ, ਅਰਮਾਨ ਮਲਿਕ, ਪ੍ਰਭਾਸ ਤੇ ਸੁਰਭੀ ਚੰਦਨਾ ਨੇ ਵੀ ਆਪਣੀ ਜਗ੍ਹਾ ਬਣਾਈ ਹੈ।

ਇਹ ਵੀ ਦੱਸ ਦੇਈਏ ਕਿ ਸੋਨੂੰ ਸੂਦ ਨੇ ਪਿੱਛੇ ਜਿਹੇ ਆਪਣਾ ਨੇਕ ਕੰਮ ਜਾਰੀ ਰੱਖਣ ਲਈ ਆਪਣੀਆਂ 8 ਸੰਪਤੀਆਂ ਨੂੰ ਗਿਰਵੀ ਰੱਖਿਆ ਹੈ; ਜਿਨ੍ਹਾਂ ਵਿੱਚ ਦੋ ਦੁਕਾਨਾਂ ਤੇ ਛੇ ਫ਼ਲੈਟ ਹਨ। ਇਹ ਸੰਪਤੀਆਂ ਸੋਨੂੰ ਸੂਦ ਤੇ ਉਨ੍ਹਾਂ ਦੀ ਪਤਨੀ ਸੋਨਾਲੀ ਦੀਆਂ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ