Ajay Devgan Thank God: ਅਜੇ ਦੇਵਗਨ, ਸਿਧਾਰਥ ਮਲਹੋਤਰਾ ਤੇ ਰਕੁਲ ਪ੍ਰੀਤ ਸਿੰਘ ਸਟਾਰਰ ਫ਼ਿਲਮ ‘ਥੈਂਕ ਗੌਡ’ ਰਿਲੀਜ਼ ਲਈ ਤਿਆਰ ਹੈ। ਦੀਵਾਲੀ ਦੇ ਮੌਕੇ ’ਤੇ ਇਹ ਫ਼ਿਲਮ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ ਪਰ ਰਿਲੀਜ਼ ਤੋਂ ਪਹਿਲਾਂ ਫ਼ਿਲਮ ’ਤੇ ਕਾਫੀ ਹੰਗਾਮਾ ਹੋ ਰਿਹਾ ਹੈ। ਇਸ ਫ਼ਿਲਮ ’ਚ ਅਜੇ ਦੇਵਗਨ ‘ਚਿਤਰਗੁਪਤ’ ਦੇ ਕਿਰਦਾਰ ’ਚ ਦਿਖਾਈ ਦੇਣਗੇ ਤੇ ਉਨ੍ਹਾਂ ਦਾ ਲੁੱਕ ਮਾਡਰਨ ਹੋਵੇਗਾ।


ਫ਼ਿਲਮ ਦੀ ਇਹੀ ਚੀਜ਼ ਇਕ ਭਾਈਚਾਰੇ ਨੂੰ ਪਸੰਦ ਨਹੀਂ ਆਈ, ਜਿਸ ਕਾਰਨ ਫ਼ਿਲਮ ਕਾਨੂੰਨੀ ਵਿਵਾਦ ’ਚ ਫੱਸ ਗਈ। ਹਾਲਾਂਕਿ ਇਸ ਵਿਵਾਦ ਤੋਂ ਬਚਣ ਲਈ ਹੁਣ ਮੇਕਰਜ਼ ਨੇ ਰਿਲੀਜ਼ ਤੋਂ ਸਿਰਫ਼ 3 ਦਿਨ ਪਹਿਲਾਂ ਫ਼ਿਲਮ ’ਚ ਕਈ ਵੱਡੇ ਬਦਲਾਅ ਕੀਤੇ ਹਨ।


ਅਸਲ ’ਚ ਇੰਦਰ ਕੁਮਾਰ ਦੇ ਨਿਰਦੇਸ਼ਨ ’ਚ ਬਣੀ ‘ਥੈਂਕ ਗੌਡ’ ਨੂੰ 21 ਅਕਤੂਬਰ ਯਾਨੀ ਸ਼ੁੱਕਰਵਾਰ ਦੇ ਦਿਨ ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ (ਸੀ. ਬੀ. ਐੱਫ. ਸੀ.) ਤੋਂ ਯੂ./ਏ. ਸਰਟੀਫਿਕੇਟ ਮਿਲਿਆ ਹੈ। ਇਸ ਦੌਰਾਨ ਫ਼ਿਲਮ ’ਚ ਅਜੇ ਦੇਵਗਨ ਦੇ ਕਿਰਦਾਰ ਤੋਂ ਇਲਾਵਾ ਤਿੰਨ ਵੱਡੇ ਬਦਲਾਅ ਦਿਖਾਏ ਗਏ ਹਨ।









ਫ਼ਿਲਮ ਦੇ ਟਰੇਲਰ ’ਚ ਦਰਸ਼ਕਾਂ ਨੇ ਦੇਖਿਆ ਸੀ ਕਿ ਅਜੇ ਦੇ ਕਿਰਦਾਰ ਨੂੰ ਚਿਤਰਗੁਪਤ ਤੇ ਉਨ੍ਹਾਂ ਦੇ ਨਾਲ ਇਕ ਹੋਰ ਅਦਾਕਾਰ ਨੂੰ ਯਮਦੂਤ ਕਿਹਾ ਗਿਆ ਸੀ, ਜੋ ਸਿਧਾਰਥ ਮਲਹੋਤਰਾ ਦੇ ਸਾਰੇ ਕਰਮਾਂ ਦਾ ਹਿਸਾਬ ਕਰ ਰਹੇ ਹਨ ਪਰ ਹੁਣ ਅਜੇ ਦੇ ਕਿਰਦਾਰ ਦਾ ਨਾਂ ਬਦਲ ਦਿੱਤਾ ਗਿਆ ਹੈ।


ਮੇਕਰਜ਼ ਨੇ ਚਿਤਰਗੁਪਤ ਦਾ ਨਾਂ ਸੀ. ਜੀ. ਤੇ ਯਮਦੂਤ ਦਾ ਨਾਂ ਵਾਈ. ਡੀ. ਕਰ ਦਿੱਤਾ ਹੈ। ਇਸ ਤੋਂ ਇਲਾਵਾ ਫ਼ਿਲਮ ’ਚ 3 ਵੱਡੇ ਬਦਲਾਅ ਕੀਤੇ ਗਏ ਹਨ, ਜਿਸ ’ਚ ਇਕ ਸ਼ਰਾਬ ਬ੍ਰਾਂਡ ਦਾ ਲੋਗੋ ਹੈ, ਜਿਸ ਨੂੰ ਧੁੰਦਲਾ ਕਰ ਦਿੱਤਾ ਗਿਆ ਹੈ। ਮੰਦਰ ਦੇ ਸੀਨ ਨੂੰ ਵੀ ਅਲੱਗ ਐਂਗਲ ਨਾਲ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਫ਼ਿਲਮ ’ਚ ਤੀਜਾ ਵੱਡਾ ਬਦਲਾਅ ਇਹ ਕੀਤਾ ਗਿਆ ਹੈ ਕਿ ਸ਼ੁਰੂਆਤ ’ਚ ਦਿਖਾਏ ਜਾਣ ਵਾਲੇ ਡਿਸਕਲੇਮਰ ਦੇ ਸਮੇਂ ਨੂੰ ਥੋੜ੍ਹਾ ਵਧਾਇਆ ਗਿਆ ਹੈ ਤਾਂ ਕਿ ਦਰਸ਼ਕ ਉਸ ਨੂੰ ਆਸਾਨੀ ਨਾਲ ਪੜ੍ਹ ਸਕਣ।