ਨਵੀਂ ਦਿੱਲੀ: ਮੁੰਬਈ ਪੁਲਿਸ ਵਲੋਂ ਸੁਸ਼ਾਂਤ ਸਿੰਘ ਰਾਜਪੂਤ ਦੇ ਬੈਂਕ ਖਾਤਿਆਂ ਦਾ ਫਾਰੇਂਸਿਕ ਆਡਿਟ ਕਰਵਾਇਆ ਗਿਆ। ਆਡਿਟ ਰਿਪੋਰਟ ਮੁੰਬਈ ਪੁਲਿਸ ਨੇ ਸੀਬੀਆਈ ਤੇ ਈਡੀ ਨੂੰ ਦੇ ਦਿੱਤੀ ਹੈ। ਸੁਸ਼ਾਂਤ ਸਿੰਘ ਰਾਜਪੂਤ ਦੇ ਬੈਂਕ ਖਾਤਿਆਂ ਦੀ ਆਡਿਟ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ ਉਸ ਦੇ ਬੈਂਕ ਖਾਤਿਆਂ ਵਿੱਚ 70 ਕਰੋੜ ਰੁਪਏ ਦਾ ਟਰਨ ਓਵਰ ਹੋਇਆ ਹੈ। ਇਸ ਦਾ ਮਤਲਬ ਹੈ ਕਿ ਪਿਛਲੇ ਪੰਜ ਸਾਲਾਂ 'ਚ ਸੁਸ਼ਾਂਤ ਦੇ ਬੈਂਕ ਖਾਤਿਆਂ 'ਚ ਤਕਰੀਬਨ 70 ਕਰੋੜ ਰੁਪਏ ਆਏ ਸੀ ਅਤੇ ਉਨ੍ਹਾਂ ਤੋਂ ਖਰਚੇ ਹੋਏ ਸੀ।
ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਗ੍ਰਾਂਟ ਥੌਰਟਨ ਨਾਮ ਦੀ ਕੰਪਨੀ ਦੀ ਆਡਿਟ ਰਿਪੋਰਟ 'ਚ ਇਹ ਕਿਹਾ ਹੈ ਕਿ ਸੁਸ਼ਾਂਤ ਦੇ ਖਾਤੇ 'ਚੋਂ ਰੀਆ ਦੇ ਖਾਤੇ 'ਚ ਕੋਈ ਇਲੈਕਟ੍ਰਾਨਿਕ ਟ੍ਰਾਂਜ਼ੈਕਸ਼ਨ ਨਹੀਂ ਹੋਇਆ ਹੈ। ਆਡਿਟ ਰਿਪੋਰਟ ਸਪਸ਼ਟ ਤੌਰ 'ਤੇ ਦਰਸਾਉਂਦੀ ਹੈ ਕਿ ਸੁਸ਼ਾਂਤ ਨੇ ਆਪਣੀ ਸਾਰੀ ਉਮਰ ਐਸ਼ ਅਰਾਮ ਨਾਲ ਗੁਜ਼ਾਰੀ ਹੈ। ਸੁਸ਼ਾਂਤ ਆਪਣੇ ਤੇ ਆਪਣੇ ਦੋਸਤਾਂ, ਪਰਿਵਾਰ ਅਤੇ ਸਟਾਫ 'ਤੇ ਬਹੁਤ ਸਾਰਾ ਖਰਚ ਕਰਦੇ ਸੀ।
ਸੁਸ਼ਾਂਤ ਨੇ 70 ਕਰੋੜ ਰੁਪਏਮਹਿੰਗੇ ਵਾਹਨਾਂ, ਬਾਈਕਸ ਤੇ ਮੁੰਬਈ 'ਚ ਇਕ ਫਲੈਟ 'ਤੇ ਖਰਚ ਕੀਤੇ। ਇਸ ਦੇ ਨਾਲ ਹੀ ਉਸ ਨੇ ਵੱਖ-ਵੱਖ ਬੈਂਕਾਂ 'ਚ 5-7 ਕਰੋੜ ਦੀ ਐਫਡੀ ਅਤੇ ਮਿਊਚੁਅਲ ਫੰਡਾਂ 'ਚ ਨਿਵੇਸ਼ ਕੀਤਾ। ਸੁਸ਼ਾਂਤ ਨੇ ਪੰਜ ਕਰੋੜ ਤੋਂ ਵੱਧ ਦਾ ਟੈਕਸ ਜਮ੍ਹਾ ਕੀਤਾ। ਈਡੀ ਅਜੇ ਇਹ ਜਾਣਕਾਰੀ ਹਾਸਿਲ ਕਰ ਰਹੀ ਹੈ ਕਿ ਸੁਸ਼ਾਂਤ ਨੇ ਰੀਆ ਅਤੇ ਉਸ ਦੇ ਪਰਿਵਾਰ 'ਤੇ ਕਿੰਨਾ ਪੈਸਾ ਖਰਚ ਕੀਤਾ ਸੀ।
ਈਡੀ ਨੂੰ ਸ਼ੱਕ ਹੈ ਕਿ ਸੁਸ਼ਾਂਤ ਨੇ ਰੀਆ ਅਤੇ ਉਸਦੇ ਪਰਿਵਾਰ 'ਤੇ ਬਹੁਤ ਸਾਰਾ ਪੈਸਾ ਖਰਚ ਕੀਤਾ ਹੈ। ਦੂਜੀ ਵੱਡੀ ਗੱਲ ਇਹ ਹੈ ਕਿ ਸੁਸ਼ਾਂਤ ਨੇ ਬਹੁਤ ਸਾਰੇ ਪ੍ਰੋਡਕਸ਼ਨ ਹਾਊਸ, ਏਜੰਸੀ ਅਤੇ ਕੁਝ ਕੰਪਨੀਆਂ ਨੂੰ ਵੱਡੀ ਰਕਮ ਦਿੱਤੀ ਹੋਈ ਸੀ। ਸੁਸ਼ਾਂਤ ਨੇ ਕਿਸ ਕੰਮ ਲਈ ਇਹ ਪੈਸਾ ਦਿੱਤਾ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸੁਸ਼ਾਂਤ ਨੇ ਕੇਰਲਾ ਦੇ ਹੜ੍ਹਾਂਅਤੇ ਹੋਰ ਲੋੜਵੰਦਾਂ ਲਈ ਚੈਰਿਟੀ 'ਚ ਦਾਨ ਕੀਤਾ।