Sidhu Moosewala: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪੇ ਸਰਕਾਰ ਤੇ ਪੁਲਿਸ ਤੋਂ ਨਿਰਾਸ਼ ਹਨ। ਉਨ੍ਹਾਂ ਨੂੰ ਹੁਣ ਇਨਸਾਫ ਦੀ ਉਮੀਦ ਨਜ਼ਰ ਨਹੀਂ ਆ ਰਹੀ। ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਤਲ ਕੇਸ ਦੀ ਜਾਂਚ ਲਈ ਬਣਾਈ ਗਈ ‘ਸਿਟ’ ਤੋਂ ਫਿਲਹਾਲ ਕੋਈ ਵੀ ਉਮੀਦ ਨਜ਼ਰ ਨਹੀਂ ਆ ਰਹੀ ਹੈ।
ਇਹ ਵੀ ਪੜ੍ਹੋ: 10ਵੇਂ ਦਿਨ ਵੀ 'ਗਦਰ 2' ਨੇ ਕੀਤੀ ਬੰਪਰ ਕਮਾਈ, 'OMG 2' ਨੇ ਵੀ ਕੀਤਾ ਕਮਾਲ, ਜਾਣੋ ਹੁਣ ਤੱਕ ਦਾ ਕਲੈਕਸ਼ਨ
ਬਲਕੌਰ ਸਿੰਘ ਨੇ ਕਿਹਾ ਕਿ 447 ਦਿਨਾਂ ਵਿੱਚ ਮੂਸੇਵਾਲਾ ਕਤਲ ਕੇਸ ਦੀ ਜਾਂਚ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਯੂਪੀ ਵਿੱਚ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਟ੍ਰੇਨਿੰਗ ਦੇਣ ਦੇ ਸਬੂਤ ਸਾਹਮਣੇ ਆਉਣ ਤੋਂ ਬਾਅਦ ਹੁਣ ਕੇਂਦਰ ਤੇ ਪੰਜਾਬ ਸਰਕਾਰ ਤੋਂ ਇਸ ਕਤਲ ਦੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਜਾਂਚ ਹੋਣ ਦੀ ਉਮੀਦ ਖ਼ਤਮ ਹੋ ਗਈ ਹੈ।
ਉਹ ਐਤਵਾਰ ਨੂੰ ਪਿੰਡ ਮੂਸਾ ਵਿਖੇ ਪੰਜਾਬੀ ਗਾਇਕ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਯੂਪੀ ਗੈਂਗਸਟਰਾਂ ਨੂੰ ਸਿਖਲਾਈ ਦੇਣ ਵਿੱਚ ਇੱਕ ਐਮਪੀ ਦਾ ਨਾਮ ਆ ਰਿਹਾ ਹੈ ਤੇ ਭਾਜਪਾ ਵਾਲੇ ਦੱਸਣ ਕਿ ਯੂਪੀ ਵਿੱਚ ਕਿਹੜਾ ਰਾਮ ਰਾਜ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੂੰ ਸਰਕਾਰਾਂ ਦੀ ਸ਼ਹਿ ਮਿਲੀ ਹੋਈ ਹੈ।
ਬਲਕੌਰ ਸਿੰਘ ਨੇ ਕਿਹਾ ਕਿ ਉਸ ਦੇ ਪੁੱਤਰ ਨੂੰ ਮਰਵਾਉਣ ਲਈ ਯੂਪੀ ਵਿੱਚ ਸਭ ਕੁਝ ਹੋਇਆ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਦੀ ਗੱਲ ਲੀਕ ਕਰਨ ਵਾਲੇ ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਖ਼ਿਲਾਫ਼ ਕੋਈ ਕਾਰਵਾਈ ਅਜੇ ਤੱਕ ਨਹੀਂ ਕੀਤੀ ਗਈ ਤੇ ਜਿਹੜੇ ਵਿਅਕਤੀਆਂ ਦਾ ਉਨ੍ਹਾਂ ਨੇ ਮੁੱਖ ਮੰਤਰੀ ਕੋਲ ਨਾਮ ਰੱਖਿਆ, ਉਨ੍ਹਾਂ ਪ੍ਰਤੀ ਕੋਈ ਵੀ ਜਾਂਚ ਨਹੀਂ ਕੀਤੀ ਜਾ ਰਹੀ ਹੈ।