ਮੁੰਬਈ: ਕੋਈ ਸਮਾਂ ਸੀ, ਜਦੋਂ ਘਰ ਦੀ ਗਲੀ ਦੇ ਬਾਹਰੋਂ ਡਾਕੀਏ ਨੂੰ ਆਉਂਦਾ ਦੇਖ ਕੇ ਲਗਪਗ ਹਰ ਵਿਅਕਤੀ ਦੇ ਚਿਹਰੇ 'ਤੇ ਖੁਸ਼ੀ ਦੀ ਲਹਿਰ ਦੌੜ ਜਾਂਦੀ ਸੀ, ਭਾਵੇਂ ਉਹ ਚਿੱਠੀ ਸਾਡੇ ਲਈ ਆਈ ਸੀ ਜਾਂ ਨਹੀਂ। ਸਮੇਂ ਦੇ ਪਹੀਏ ਮੋੜਨ ਦੇ ਨਾਲ ਸਾਈਕਲਾਂ 'ਤੇ ਦੌੜਦੇ ਡਾਕੀਏ ਨੂੰ ਦੇਖ ਕੇ ਹੁਣ ਉਹ ਜੋਸ਼ ਘੱਟ ਹੀ ਵੇਖਣ ਨੂੰ ਮਿਲਦਾ ਹੈ, ਕਿਉਂਕਿ ਕਿਤੇ ਨਾ ਕਿਤੇ ਲੋਕ ਇਹ ਮੰਨਦੇ ਹਨ ਕਿ ਸੰਦੇਸ਼ ਇੱਕ ਥਾਂ ਤੋਂ ਦੂਜੀ ਥਾਂ ਭੇਜਣ ਦਾ ਪੁਰਾਣੇ ਜ਼ਮਾਨੇ ਦੇ ਮਾਧਿਅਮ, ਡਾਕਖ਼ਾਨੇ ਕੋਲ ਹੁਣ ਉਹ ਕੰਮ ਪਹਿਲਾਂ ਵਾਂਗ ਨਹੀਂ ਰਿਹਾ।
ਭਾਵੇਂ ਟੈਕਨਾਲੋਜੀ ਦੇ ਖੇਤਰ ਵਿੱਚ ਹਰ ਦਿਨ ਅੱਗੇ ਵਧਦੇ ਭਾਰਤ ਵਿੱਚ ਸੋਸ਼ਲ ਮੀਡੀਆ ਨੇ ਅਹਿਮ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਬਾਵਜੂਦ ਦੇਸ਼ ਦੇ ਪੋਸਟਮੈਨ ਅੱਜ ਵੀ ਆਪਣੀ ਭੂਮਿਕਾ ਬਾਖੂਬੀ ਨਿਭਾ ਰਹੇ ਹਨ। ਮੋਟੀਵੇਸ਼ਨਲ ਸਪੀਕਰ ਅਤੇ ਦਿੱਗਜ ਅਦਾਕਾਰ ਅਨੁਪਮ ਖੇਰ ਨੇ ਇਹ ਮਾਮਲਾ ਉਠਾਇਆ ਹੈ, ਜਿਸ ਦੀ ਪੋਸਟਮੈਨ ਨਾਲ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸੰਚਾਰ ਮੰਤਰਾਲੇ ਦੇ ਰਾਜ ਮੰਤਰੀ, ਦੇਵਸਿੰਘ ਚੌਹਾਨ ਦੁਆਰਾ ਕੂ (Koo App) ਪਲੇਟਫਾਰਮ 'ਤੇ ਇਸ ਵੀਡੀਓ ਨੂੰ ਪੋਸਟ ਕਰਨ ਦੇ ਨਾਲ, ਮੰਤਰੀ ਨੇ ਲੋਕਾਂ ਨੂੰ ਇੰਡੀਆ ਪੋਸਟ ਦੀ ਮਹੱਤਤਾ ਨੂੰ ਸਮਝਾਉਣ ਲਈ ਅਨੁਪਮ ਖੇਰ ਦਾ ਧੰਨਵਾਦ ਕੀਤਾ ਹੈ:
@AnupamPKher ਜੀ ਦਾ ਇਸ ਗੱਲ ਤੇ ਰੋਸ਼ਨੀ ਪਾਉਣ ਲਈ ਧੰਨਵਾਦ ਕਿ ਕਿਸ ਤਰ੍ਹਾਂ @indiapost 'ਅੰਤਯੋਦਿਆ' ਦੇ ਦ੍ਰਿਸ਼ਟੀ ਨਾਲ ਲੋਕਾਂ ਦੀ ਸੇਵਾ ਕਰ ਰਿਹਾ ਹੈ।
#ApkaDostIndiaPost
ਦਰਅਸਲ, ਅਨੁਪਮ ਖੇਰ ਨੇ ਉੱਤਰਾਖੰਡ ਵਿੱਚ ਪਿਛਲੇ ਦੋ ਸਾਲਾਂ ਤੋਂ ਪੋਸਟਮੈਨ ਦਾ ਅਹੁਦਾ ਨਿਭਾਅ ਰਹੇ ਦੇਸ਼ਰਾਜ ਸਿੰਘ ਰਾਵਤ ਨਾਲ ਗੱਲਬਾਤ ਕੀਤੀ ਹੈ, ਜੋ ਉੱਤਰਕਾਸ਼ੀ ਜ਼ਿਲ੍ਹੇ ਦੇ ਮੁਰੀ ਬਲਾਕ ਨਾਲ ਸਬੰਧਤ ਹਨ।
ਵੀਡੀਓ 'ਚ ਅਨੁਪਮ ਖੇਰ ਕਹਿੰਦੇ ਹਨ ਕਿ ਅੱਜ ਮੈਂ ਦੇਸ਼ਰਾਜ ਜੀ ਦੇ ਨਾਲ ਹਾਂ। ਦੇਸ਼ਰਾਜ ਜੀ ਜਾਟੋਕ ਡਾਕਘਰ ਵਿੱਚ ਡਾਕ ਸੇਵਕ ਹਨ।ਇਸ ਤੋਂ ਬਾਅਦ ਉਹ ਡਾਕ ਸੇਵਕ ਨੂੰ ਪੁੱਛਦੇ ਹਨ ਕਿ ਮੈਂ ਤਾਂ ਸੋਚ ਰਿਹਾ ਸੀ, ਅੱਜ ਕੱਲ੍ਹ ਲੋਕ ਆਪਣੀ ਗੱਲ ਐਸਐਮਐਸ(SMS) ਜਾਂ ਗੱਲ-ਬਾਤ ਆਦਿ ਰਾਹੀਂ ਇੱਕ ਦੂਜੇ ਤੱਕ ਪਹੁੰਚਾਉਂਦੇ ਹਨ, ਫਿਰ ਅੱਜ-ਕੱਲ੍ਹ ਪੋਸਟ ਮਾਸਟਰ ਜਾਂ ਪੋਸਟਮੈਨ ਦੀ ਕੀ ਮਹੱਤਤਾ ਹੈ?
ਇਸ 'ਤੇ ਦੇਸ਼ਰਾਜ ਜੀ ਨੇ ਕਿਹਾ ਕਿ ਡਾਕੀਏ ਦੀ ਬਹੁਤ ਮਹੱਤਤਾ ਹੈ। ਅਸੀਂ ਲੋੜਵੰਦ ਲੋਕਾਂ ਦੀ ਸੇਵਾ ਕਰਦੇ ਹਾਂ, ਜਿਵੇਂ ਕਿ ਬਜ਼ੁਰਗ ਅਤੇ ਅਪਾਹਜ। ਆਧਾਰ ਕਾਰਡ, ਪੈਨ ਕਾਰਡ ਤੇ ਏਟੀਐਮ ਕਾਰਡ ਪਹਿਲੇ ਸਮਿਆਂ ਵਿੱਚ ਨਹੀਂ ਸਨ, ਪਰ ਅੱਜ ਦੇ ਸਮੇਂ ਵਿੱਚ ਇਸਦੀ ਮਹੱਤਤਾ ਵੱਧ ਗਈ ਹੈ ਅਤੇ ਇਹ ਕਾਰਡ ਹਰ ਘਰ ਵਿੱਚ ਉਪਲਬਧ ਹਨ।ਇਹ ਸਾਰੇ ਕਾਰਡ ਡਾਕਖਾਨੇ ਰਾਹੀਂ ਹੀ ਜਾਂਦੇ ਹਨ, ਜੋ ਅਸੀਂ ਲੋਕਾਂ ਨੂੰ ਘਰ-ਘਰ ਪਹੁੰਚਾਉਂਦੇ ਹਾਂ। ਇਸ ਤੋਂ ਬਾਅਦ ਅਨੁਪਮ ਦਾ ਕਹਿਣਾ ਹੈ ਕਿ ਆਮ ਲੋਕਾਂ ਨੂੰ ਲੱਗਦਾ ਹੈ ਕਿ ਹੁਣ ਪੋਸਟਮੈਨ ਦਾ ਕੰਮ ਖਤਮ ਹੋ ਗਿਆ ਹੈ। ਪਰ ਤੁਸੀਂ ਕਹਿ ਰਹੇ ਹੋ ਕਿ ਕੰਮ ਵਧ ਗਿਆ ਹੈ। ਇਸ 'ਤੇ ਦੇਸ਼ਰਾਜ ਜੀ ਕਹਿੰਦੇ ਹਨ ਕਿ ਸਾਡਾ ਕੰਮ ਘਟਣ ਦੀ ਬਜਾਏ ਵਧਿਆ ਹੈ।