Salman Khan Dengue: ਸਲਮਾਨ ਖ਼ਾਨ ਦੀ ਸਿਹਤ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸਲਮਾਨ ਖ਼ਾਨ ਨੂੰ ਡੇਂਗੂ ਹੋ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਪਿਛਲੇ ਚਾਰ-ਪੰਜ ਦਿਨਾਂ ਤੋਂ ਸਲਮਾਨ ਖ਼ਾਨ ਦੀ ਸਿਹਤ ਖ਼ਰਾਬ ਚੱਲ ਰਹੀ ਹੈ। ਡੇਂਗੂ ਹੋਣ ਕਾਰਨ ਉਨ੍ਹਾਂ ਦੀ ਫ਼ਿਲਮ ਤੇ ਸ਼ੋਅ ਦੀ ਸਾਰੀ ਸ਼ੂਟਿੰਗ ਬੰਦ ਕਰ ਦਿੱਤੀ ਗਈ ਹੈ।


ਪ੍ਰਸ਼ੰਸਕ ਇਹ ਸੁਣ ਕੇ ਉਦਾਸ ਹੋਣਗੇ ਕਿ ਸਲਮਾਨ ਖ਼ਾਨ ਨੂੰ ਡੇਂਗੂ ਹੋ ਗਿਆ ਹੈ। ਰਿਪੋਰਟ ਮੁਤਾਬਕ ਸਲਮਾਨ ਖ਼ਾਨ ਪਿਛਲੇ ਦੋ ਹਫ਼ਤਿਆਂ ਤੋਂ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਡੇਂਗੂ ਹੋਣ ਦਾ ਪਤਾ ਲੱਗਾ। ਸਲਮਾਨ ਦੀ ਸਿਹਤ ਨੂੰ ਦੇਖਦਿਆਂ ਫ਼ਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ। ਇਹੀ ਵਜ੍ਹਾ ਹੈ ਕਿ ਸਲਮਾਨ ਖ਼ਾਨ ‘ਵੀਕੈਂਡ ਕਾ ਵਾਰ’ ਵੀ ਹੋਸਟ ਨਹੀਂ ਕਰਨਗੇ।









ਟੀ. ਵੀ. ਦੇ ਸਭ ਤੋਂ ਵੱਡੇ ਰਿਐਲਿਟੀ ਸ਼ੋਅ ‘ਬਿੱਗ ਬੌਸ’ ਦੀ ਪਛਾਣ ਸਲਮਾਨ ਖ਼ਾਨ ਤੋਂ ਹੈ। ਜੇਕਰ ਸਲਮਾਨ ਖ਼ਾਨ ਇਸ ਦੇ ਹੋਸਟ ਨਾ ਹੋਣ ਤਾਂ ਸ਼ਾਇਦ ਹੀ ਇਸ ਨੂੰ ਕੋਈ ਇੰਨੀ ਸ਼ਿੱਦਤ ਨਾਲ ਦੇਖਣਾ ਪਸੰਦ ਕਰੇਗਾ ਪਰ ਆਗਾਮੀ ‘ਵੀਕੈਂਡ ਕਾ ਵਾਰ’ ਤੁਹਾਨੂੰ ਸਲਮਾਨ ਖ਼ਾਨ ਦੇ ਬਿਨਾਂ ਹੀ ਦੇਖਣਾ ਹੋਵੇਗਾ ਕਿਉਂਕਿ ਸਲਮਾਨ ਖ਼ਾਨ ਨੂੰ ਡੇਂਗੂ ਹੋ ਗਿਆ ਹੈ। ਇਸ ਲਈ ‘ਵੀਕੈਂਡ ਕਾ ਵਾਰ’ ਕਰਨ ਜੌਹਰ ਹੋਸਟ ਕਰਨ ਜਾ ਰਹੇ ਹਨ। ਸ਼ੋਅ ਦਾ ਪ੍ਰੋਮੋ ਵੀ ਆ ਗਿਆ ਹੈ, ਜਿਸ ’ਚ ਕਰਨ ਜੌਹਰ ਮੁਕਾਬਲੇਬਾਜ਼ਾਂ ਦੀ ਕਲਾਸ ਲਗਾਉਂਦੇ ਦਿਖ ਰਹੇ ਹਨ।


‘ਬਿੱਗ ਬੌਸ’ ਤੋਂ ਪਹਿਲਾਂ ਕਰਨ ਜੌਹਰ ‘ਬਿੱਗ ਬੌਸ ਓ. ਟੀ. ਟੀ.’ ਵੀ ਹੋਸਟ ਕਰ ਚੁੱਕੇ ਹਨ। ਕਰਨ ਜੌਹਰ ਨੇ ਆਪਣੇ ਅੰਦਾਜ਼ ’ਚ ‘ਬਿੱਗ ਬੌਸ ਓ. ਟੀ. ਟੀ.’ ਨੂੰ ਹਿੱਟ ਬਣਾ ਦਿੱਤਾ ਹੈ ਪਰ ਟੀ. ਵੀ. ਦੇ ਦਰਸ਼ਕਾਂ ਨੂੰ ਸ਼ੋਅ ’ਚ ਸਲਮਾਨ ਖ਼ਾਨ ਨੂੰ ਦੇਖਣ ਦੀ ਆਦਤ ਹੈ। ਅਜਿਹੇ ’ਚ ਕਰਨ ਜੌਹਰ ਨੂੰ ‘ਵੀਕੈਂਡ ਕਾ ਵਾਰ’ ਦੀ ਕਮਾਨ ਮਿਲਣਾ ਵੱਡੀ ਜ਼ਿੰਮੇਵਾਰੀ ਹੈ।