Diljit Dosanjh Starts Border-2 Shoot Again: ਪੰਜਾਬੀ ਫਿਲਮ 'ਸਰਦਾਰ ਜੀ 3' ਦੇ ਵਿਵਾਦਾਂ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਵਿਰੋਧੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਇੱਕ ਪਾਸੇ ਵਿਦੇਸ਼ਾਂ ਵਿੱਚ ਫਿਲਮ 'ਸਰਦਾਰ ਜੀ 3' ਸੁਪਰਹਿੱਟ ਹੋਈ ਹੈ ਤੇ ਦੂਜੇ ਪਾਸੇ ਦਿਲਜੀਤ ਦੋਸਾਂਝ ਨੇ 'ਬਾਰਡਰ 2' ਦੀ ਸ਼ੂਟਿੰਗ ਦੁਬਾਰਾ ਸ਼ੁਰੂ ਕਰ ਦਿੱਤੀ ਹੈ। ਦੋਸਾਂਝਾਵਾਲੇ ਦੀ ਇਸ ਚੜ੍ਹਾਈ ਨੂੰ ਵੇਖ ਵਿਰੋਧੀਆਂ ਨੂੰ ਕੁਝ ਸੁੱਝ ਨਹੀਂ ਰਿਹਾ।
ਦਰਅਸਲ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਇੱਕ ਕਲਿੱਪ ਵਿੱਚ ਦਿਲਜੀਤ ਦੋਸਾਂਝ ਇੱਕ ਫਲਾਇੰਗ ਅਫਸਰ ਦੀ ਭੂਮਿਕਾ ਵਿੱਚ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ, ਦਿਲਜੀਤ ਪੂਰੀ ਵਰਦੀ ਵਿੱਚ ਸ਼ੂਟਿੰਗ ਕਰਦੇ ਦਿਖਾਈ ਦੇ ਰਹੇ ਹਨ ਤੇ ਪਿਛੋਕੜ ਵਿੱਚ 'ਕੇ ਘਰ ਕਬ ਆਓਗੇ' ਗੀਤ ਚੱਲ ਰਿਹਾ ਹੈ। ਇਸ ਵੀਡੀਓ ਦੇ ਰਿਲੀਜ਼ ਹੋਣ ਤੋਂ ਬਾਅਦ 'ਬਾਰਡਰ 2' ਤੋਂ ਉਨ੍ਹਾਂ ਦੇ ਬਾਹਰ ਕੀਤੇ ਜਾਣ ਦੀਆਂ ਅਫਵਾਹਾਂ ਨੂੰ ਵਿਰਾਮ ਲੱਗ ਗਿਆ ਹੈ।
ਦੱਸ ਦਈਏ ਕਿ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਸੰਨੀ ਦਿਓਲ, ਭੂਸ਼ਣ ਕੁਮਾਰ ਤੇ ਇਮਤਿਆਜ਼ ਅਲੀ ਨੂੰ ਫਿਲਮ 'ਸਰਦਾਰ ਜੀ 3' ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਨਾਲ ਕੰਮ ਕਰਨ ਲਈ ਦਿਲਜੀਤ ਦੋਸਾਂਝ ਦੇ ਸੰਬਧ ਵਿੱਚ ਇੱਕ ਪੱਤਰ ਲਿਖਿਆ ਸੀ। ਫੈਡਰੇਸ਼ਨ ਨੇ ਸੰਨੀ ਦਿਓਲ ਨੂੰ 'ਬਾਰਡਰ 2' ਵਰਗੀ ਦੇਸ਼ ਭਗਤੀ ਵਾਲੀ ਫਿਲਮ ਵਿੱਚ ਦਿਲਜੀਤ ਨਾਲ ਕੰਮ ਕਰਨ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਸੀ। ਫੈਡਰੇਸ਼ਨ ਨੇ ਭੂਸ਼ਣ ਕੁਮਾਰ ਤੇ ਇਮਤਿਆਜ਼ ਅਲੀ ਤੋਂ ਦਿਲਜੀਤ ਨਾਲ ਕੰਮ ਨਾ ਕਰਨ ਦੀ ਵੀ ਮੰਗ ਕੀਤੀ ਸੀ।
ਹਾਲਾਂਕਿ ਇੰਡੀਆ ਟੂਡੇ ਨਾਲ ਗੱਲ ਕਰਦੇ ਹੋਏ FWICE ਦੇ ਪ੍ਰਧਾਨ ਬੀਐਨ ਤਿਵਾੜੀ ਨੇ ਹਾਲ ਹੀ ਵਿੱਚ ਕਿਹਾ, "ਭੂਸ਼ਣ ਕੁਮਾਰ ਨੇ ਉਨ੍ਹਾਂ ਕੋਲ ਦਿਲਜੀਤ ਨੂੰ ਸ਼ੂਟਿੰਗ ਕਰਨ ਦੀ ਇਜਾਜ਼ਤ ਦੇਣ ਦੀ ਬੇਨਤੀ ਕੀਤੀ ਸੀ।" ਉਨ੍ਹਾਂ ਦੱਸਿਆ ਕਿ ਫੈਡਰੇਸ਼ਨ ਨੇ ਹੁਣ ਆਪਣਾ ਆਦੇਸ਼ ਵਾਪਸ ਲੈ ਲਿਆ ਹੈ ਤੇ ਅਦਾਕਾਰ ਹੁਣ 'ਬਾਰਡਰ 2' ਦਾ ਹਿੱਸਾ ਹੋਣਗੇ।
ਇਸ ਦੇ ਨਾਲ ਹੀ ਫਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਇੰਡੀਆ ਟੂਡੇ ਨੂੰ ਦੱਸਿਆ, "ਮੈਂ ਭਵਿੱਖ ਵਿੱਚ ਕਦੇ ਵੀ ਦਿਲਜੀਤ ਦੋਸਾਂਝ ਨੂੰ ਆਪਣੀਆਂ ਫਿਲਮਾਂ ਵਿੱਚ ਨਹੀਂ ਲਵਾਂਗਾ। ਮੈਂ ਇਸ ਸਬੰਧ ਵਿੱਚ ਫੈਡਰੇਸ਼ਨ ਨੂੰ ਇੱਕ ਪੱਤਰ ਵੀ ਭੇਜਿਆ ਹੈ।" ਉਨ੍ਹਾਂ ਕਿਹਾ ਕਿ ਭਵਿੱਖ ਦੀਆਂ ਫਿਲਮਾਂ ਵਿੱਚ ਵੀ ਦਿਲਜੀਤ ਵਿਰੁੱਧ ਅਸਹਿਯੋਗ ਜਾਰੀ ਰਹੇਗਾ।
ਦੱਸ ਦਈਏ ਕਿ ਅਨੁਰਾਗ ਸਿੰਘ ਦੁਆਰਾ ਨਿਰਦੇਸ਼ਤ 'ਬਾਰਡਰ 2' ਵਿੱਚ ਸੰਨੀ ਦਿਓਲ, ਵਰੁਣ ਧਵਨ, ਅਹਾਨ ਸ਼ੈੱਟੀ ਤੇ ਦਿਲਜੀਤ ਦੋਸਾਂਝ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ 23 ਜਨਵਰੀ 2026 ਨੂੰ ਰਿਲੀਜ਼ ਹੋਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।