ਮੁੰਬਈ : ਅਕਸ਼ੇ ਕੁਮਾਰ ਦੇ ਸਿਤਾਰੇ ਇਨ੍ਹੀਂ ਦਿਨੀਂ ਗਰਦਿਸ਼ 'ਚ ਹਨ। ਉਨ੍ਹਾਂ ਦੀਆਂ ਫ਼ਿਲਮਾਂ ਬਾਕਸ ਆਫਿਸ 'ਤੇ ਲਗਾਤਾਰ ਫਲਾਪ ਹੋ ਰਹੀਆਂ ਹਨ। ਕੋਰੋਨਾ ਕਾਲ 'ਚ ਅਕਸ਼ੇ ਦੀ ਫ਼ਿਲਮ 'ਲਕਸ਼ਮੀ' ਨੂੰ ਓਟੀਟੀ 'ਤੇ ਸਟ੍ਰੀਮ ਕੀਤਾ ਗਿਆ ਸੀ, ਜਿਸ ਨੂੰ ਦਰਸ਼ਕਾਂ ਨੇ ਸਿਰੇ ਤੋਂ ਨਕਾਰ ਦਿੱਤਾ ਸੀ। ਸਾਊਥ ਦੀ ਕਲਟ ਕਲਾਸਿਕ ਡਰਾਉਣੀ ਫ਼ਿਲਮ ਦਾ ਅਜਿਹਾ ਰੀਮੇਕ ਦੇਖ ਕੇ ਫ਼ੈਨਜ਼ ਗੁੱਸੇ ਨਾਲ ਲਾਲ ਹੋ ਗਏ ਸਨ। ਨਤੀਜਤਨ ਓਟੀਟੀ 'ਚ ਸਟ੍ਰੀਮ ਹੋਣ ਦੇ ਬਾਵਜੂਦ ਇਸ ਨੂੰ ਫਲਾਪ ਦਾ ਟੈਗ ਦਿੱਤਾ ਗਿਆ ਸੀ।
'ਲਕਸ਼ਮੀ' ਤੋਂ ਬਾਅਦ 'ਬੈਲਬੋਟਮ' ਆਈ, ਜਿਸ ਨੂੰ ਫੈਨਜ਼ ਨੇ ਇਕ ਵਾਰ ਫਿਰ ਨਕਾਰ ਦਿੱਤਾ। ਲਗਾਤਾਰ 2 ਫ਼ਿਲਮਾਂ ਦੀ ਅਸਫਲਤਾ ਤੋਂ ਬਾਅਦ ਅਕਸ਼ੇ ਕੁਮਾਰ ਦੀ ਬਹੁਚਰਚਿਤ ਫ਼ਿਲਮ 'ਸੂਰਿਆਵੰਸ਼ੀ' ਰਿਲੀਜ਼ ਹੋਈ ਸੀ, ਜਿਸ ਨੇ ਅਕਸ਼ੇ ਦੇ ਕਰੀਅਰ ਦੀ ਲਾਜ ਬਚਾਈ ਅਤੇ ਟਿਕਟ ਖਿੜਕੀ 'ਤੇ ਸੁਪਰਹਿੱਟ ਦਾ ਟੈਗ ਹਾਸਲ ਕੀਤਾ।
'ਸੂਰਿਆਵੰਸ਼ੀ' ਦੀ ਸਫ਼ਲਤਾ ਤੋਂ ਪ੍ਰਭਾਵਿਤ ਹੋ ਕੇ ਅਕਸ਼ੇ ਨੇ ਕੁਝ ਮਹੀਨੇ ਪਹਿਲਾਂ 'ਬੱਚਨ ਪਾਂਡੇ' ਨਾਮ ਦੀ ਇੱਕ ਫ਼ਿਲਮ ਰਿਲੀਜ਼ ਕੀਤੀ ਸੀ, ਜਿਸ ਨੇ ਬਾਕਸ ਆਫਿਸ 'ਤੇ ਪਾਣੀ ਵੀ ਨਹੀਂ ਮੰਗਿਆ ਅਤੇ ਫ਼ਿਲਮ ਡਿਜਾਸਟਰ ਸਾਬਤ ਹੋਈ। 'ਬੱਚਨ ਪਾਂਡੇ' ਤੋਂ ਬਾਅਦ 300 ਕਰੋੜ ਦੇ ਬਜਟ ਨਾਲ ਬਣੀ 'ਸਮਰਾਟ ਪ੍ਰਿਥਵੀਰਾਜ' ਬਾਕਸ ਆਫਿਸ 'ਤੇ ਰਿਲੀਜ਼ ਹੋਈ ਹੈ, ਜਿਸ ਨੇ ਅਕਸ਼ੇ ਦੇ ਚਮਕਦੇ ਕਰੀਅਰ ਨੂੰ ਗ੍ਰਹਿਣ ਲਗਾਉਣ ਦਾ ਕੰਮ ਕਰ ਦਿੱਤਾ।
'ਸਮਰਾਟ ਪ੍ਰਿਥਵੀਰਾਜ' ਨਾ ਸਿਰਫ਼ ਅਕਸ਼ੇ ਦੀ ਸਗੋਂ ਬਾਲੀਵੁੱਡ ਦੇ ਇਤਿਹਾਸ ਦੀ ਸਭ ਤੋਂ ਵੱਡੀ ਫਲਾਪ ਫ਼ਿਲਮਾਂ ਵਿੱਚੋਂ ਇੱਕ ਬਣ ਗਈ। ਇਸ ਫ਼ਿਲਮ ਦੀ ਅਸਫਲਤਾ ਨੇ ਅਕਸ਼ੇ ਦੀ ਮਾਰਕੀਟ ਵੈਲਿਊ ਨੂੰ ਘਟਾ ਦਿੱਤਾ। ਖ਼ਬਰਾਂ ਹਨ ਕਿ ਅਕਸ਼ੇ ਦੇ ਹੱਥਾਂ ਤੋਂ ਯਸ਼ਰਾਜ ਬੈਨਰ ਦੀਆਂ ਵੱਡੇ ਬਜਟ ਦੀਆਂ ਫ਼ਿਲਮਾਂ ਖੋਹ ਲਈਆਂ ਗਈਆਂ ਹਨ। ਇਸ ਦੇ ਨਾਲ ਹੀ 'ਛੋਟੇ ਮੀਆਂ ਬੜੇ ਮੀਆਂ' ਦੇ ਡੱਬਾਬੰਦ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਫਿਲਹਾਲ ਇਸ ਬਾਰੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ ਪਰ ਅਕਸ਼ੇ ਦੇ ਫ਼ਿਲਮੀ ਕਰੀਅਰ ਦੀ ਹਾਲਤ ਜ਼ਰੂਰ ਵਿਗੜ ਗਈ ਹੈ।