ਪਦਮਸ਼੍ਰੀ ਤੋਂ ਲੈ ਕੇ ਫ਼ਿਲਮ ਫੇਅਰ ਐਵਾਰਡਜ਼ ਨਾਲ ਸਨਮਾਨਿਤ ਸੀ ਸ਼੍ਰੀਵੇਦੀ
ਏਬੀਪੀ ਸਾਂਝਾ | 25 Feb 2018 01:20 PM (IST)
ਚੰਡੀਗੜ੍ਹ: ਫ਼ਿਲਮ ਜਗਤ ਦੇ ਨਾਲ-ਨਾਲ ਪੂਰੇ ਦੇਸ਼ ਨੂੰ ਸਦਮਾ ਦੇ ਇਸ ਦੁਨੀਆ ਨੂੰ ਅਲਵਿਦਾ ਕਹਿਣ ਵਾਲੀ ਸਟਾਰ ਅਦਾਕਾਰਾ ਸ਼੍ਰੀਦੇਵੀ ਨਾ ਸਿਰਫ ਆਪਣੀ ਅਦਾਕਾਰੀ ਤੇ ਖ਼ੂਬਸੂਰਤੀ ਕਰਕੇ ਪ੍ਰਸਿੱਧ ਸੀ, ਬਲਕਿ, ਉਹ ਆਪਣੀ ਬੇਮਿਸਾਲ ਅਦਾਕਾਰੀ ਕਰਕੇ ਕਈ ਵੱਕਾਰੀ ਸਨਮਾਨ ਵੀ ਹਾਸਲ ਕਰ ਚੁੱਕੇ ਸਨ। ਸ਼੍ਰੀਦੇਵੀ ਨੂੰ ਫ਼ਿਲਮ ਫੇਅਰ ਤੋਂ ਲੈ ਕੇ ਪਦਮਸ਼੍ਰੀ ਤਕ ਦੇ ਵੱਕਾਰੀ ਸਨਮਾਨ ਮਿਲੇ ਹੋਏ ਸਨ। ਸ਼੍ਰੀਦੇਵੀ ਨੂੰ ਸਭ ਤੋਂ ਪਹਿਲਾਂ 1970 'ਚ ਫ਼ਿਲਮ ਪੋਮਪੱਤਾ ਵਿੱਚ ਸਰਬੋਤਮ ਬਾਲ ਕਲਾਕਾਰ ਲਈ ਕੇਰਲਾ ਸਟੇਟ ਫ਼ਿਲਮ ਐਵਾਰਡ ਨਾਲ ਨਿਵਾਜਿਆ ਗਿਆ। ਇਸ ਤੋਂ ਬਾਅਦ 1982 ਵਿੱਚ ਉਨ੍ਹਾਂ ਨੂੰ ਆਪਣੀ ਤਮਿਲ ਫ਼ਿਲਮ ਮੇਂਡਮ ਕੋਕਿਲਾ ਲਈ ਸਰਬੋਤਮ ਅਦਾਕਾਰੀ ਲਈ ਫ਼ਿਲਮ ਫੇਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 1990 ਵਿੱਚ ਬਾਲੀਵੁੱਡ ਫ਼ਿਲਮ ਚਾਲਬਾਜ਼ ਲਈ ਸ਼੍ਰੀਦੇਵੀ ਨੂੰ ਬਿਹਤਰੀਨ ਅਦਾਕਾਰੀ ਸਦਕਾ ਫ਼ਿਲਮ ਫੇਅਰ ਐਵਾਰਡ ਦਿੱਤਾ ਗਿਆ। ਇਸ ਤੋਂ ਬਾਅਦ ਫ਼ਿਲਮ ਲਮਹੇ ਲਈ 1992 ਵਿੱਚ ਉਨ੍ਹਾਂ ਇਹੋ ਸਨਮਾਨ ਇਸੇ ਸ਼੍ਰੇਣੀ ਵਿੱਚ ਹਾਸਲ ਕੀਤਾ। 1992 ਵਿੱਚ ਹੀ ਉਨ੍ਹਾਂ ਨੂੰ ਤੇਲਗੂ ਫ਼ਿਲਮ ਕਸ਼ਾਨਾ ਕਸ਼ਨਮ ਲਈ ਸਰਬੋਤਮ ਅਦਾਕਾਰਾ ਫ਼ਿਲਮ ਫੇਅਰ ਐਵਾਰਡ ਤੇ ਨੰਦੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ 1996 ਵਿੱਚ ਸ਼੍ਰੀਦੇਵੀ ਨੇ ਬੋਨੀ ਕਪੂਰ ਨਾਲ ਵਿਆਹ ਕਰਵਾਉਣ ਤੇ ਕਈ ਫ਼ਿਲਮਾਂ ਫਲਾਪ ਰਹਿਣ ਕਾਰਨ ਸਿਨੇਮਾ ਤੋਂ ਦੂਰੀ ਬਣਾ ਲਈ। ਪਰ 2012 ਵਿੱਚ ਰਿਲੀਜ਼ ਹੋਈ ਸ਼੍ਰੀਦੇਵੀ ਦੀ ਫ਼ਿਲਮ ਇੰਗਲਿਸ਼ ਵਿੰਗਲਿਸ਼ ਨੇ ਉਨ੍ਹਾਂ ਆਪਣੇ ਅੰਦਰਲੇ ਤਜਰਬੇਕਾਰ ਕਲਾਕਾਰ ਨੂੰ ਬਾਖ਼ੂਬੀ ਢੰਗ ਨਾਲ ਪੇਸ਼ ਕੀਤਾ, ਜਿਸ ਦੀ ਚਹੁੰ ਪਾਸੇ ਸ਼ਲਾਘਾ ਹੋਈ। ਇਸੇ ਲਈ 2012 ਵਿੱਚ ਉਨ੍ਹਾਂ ਨੂੰ ਸਭ ਤੋਂ ਮਨੋਰੰਜਕ ਸਮਾਜਕ ਕਿਰਦਾਰ ਨਿਭਾਉਣ ਵਾਲੇ ਬਿਹਤਰੀਨ ਅਦਾਕਾਰ ਵਜੋਂ ਬਿੱਗ ਸਟਾਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਸਾਲ 2013 ਸ਼੍ਰੀਦੇਵੀ ਲਈ ਕਾਫੀ ਖ਼ਾਸ ਰਿਹਾ। ਇਸੇ ਸਾਲ ਉਨ੍ਹਾਂ ਨੂੰ ਕਲਾ ਦੇ ਖੇਤਰ ਵਿੱਚ ਜ਼ਿੰਦਗੀ ਭਰ ਦੀਆਂ ਪ੍ਰਾਪਤੀਆਂ ਸਦਕਾ ਭਾਰਤ ਸਰਕਾਰ ਵੱਲੋਂ ਵੱਕਾਰੀ ਸਨਮਾਨ ਪਦਮਸ਼੍ਰੀ ਨਾਲ ਸਨਮਾਨਿਆ ਗਿਆ। ਫ਼ਿਲਮ ਇੰਗਲਿਸ਼ ਵਿੰਗਲਿਸ਼ ਲਈ ਸ਼੍ਰੀਦੇਵੀ ਨੂੰ ਡਰਾਮਾ ਸ਼੍ਰੇਣੀ ਵਿੱਚ ਬਿਹਤਰੀਨ ਅਦਾਕਾਰੀ ਲਈ ਸਟਾਰਡਸਟ ਐਵਾਰਡ ਨਾਲ ਨਿਵਾਜਿਆ ਗਿਆ। ਇਸੇ ਸਾਲ ਉਨ੍ਹਾਂ ਨੂੰ ਫ਼ਿਲਮ ਨਗੀਨਾ ਤੇ ਮਿਸਟਰ ਇੰਡੀਆ ਲਈ ਫ਼ਿਲਮ ਫੇਅਰ ਸਪੈਸ਼ਲ ਜਿਊਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਬੀਤੇ ਸਾਲ ਯਾਨੀ 2017 ਵਿੱਚ ਸ਼੍ਰੀਦੇਵੀ ਨੂੰ ਬਿਹਤਰੀਨ ਅਦਾਕਾਰੀ ਦਾ ਮੁਜ਼ਾਹਰਾ ਕਰਨ ਲਈ ਜ਼ੀ ਸਿਨੇ ਕ੍ਰਿਟਿਕਸ ਐਵਾਰਡ ਪ੍ਰਦਾਨ ਕੀਤਾ ਗਿਆ ਪਰ ਇਸ ਗੱਲ ਦਾ ਸ਼ਾਇਦ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਸਾਲ 2018 ਵਿੱਚ ਬਾਲੀਵੁੱਡ ਦੀ ਪਹਿਲੀ ਮਹਿਲਾ ਸੁਪਰਸਟਾਰ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਜਾਵੇਗੀ। ਆਪਣੇ ਫ਼ਿਲਮੀ ਕਰੀਅਰ ਦੀ ਦੂਜੀ ਪਾਰੀ ਦੀ ਸ਼ੁਰੂਆਤ ਕਰ ਚੁੱਕੀ ਸ਼੍ਰੀਦੇਵੀ ਨੇ ਉੱਚ ਕੋਟੀ ਦੀ ਅਦਾਕਾਰੀ, ਵਿਸ਼ਾ ਵਸਤੂ ਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਦੋ ਫ਼ਿਲਮਾਂ ਦਿੱਤੀਆਂ। ਫ਼ਿਲਮ ਇੰਗਲਿਸ਼ ਵਿੰਗਲਿਸ਼ ਵਿੱਚ ਜਿੱਥੇ ਵਿਦੇਸ਼ ਵਿੱਚ ਘਰੇਲੂ, ਘੱਟ ਪੜ੍ਹੀ ਤੇ ਅੰਗ੍ਰੇਜ਼ੀ ਵਿੱਚ ਅਸਹਿਜ ਔਰਤ ਦਰਪੇਸ਼ ਮੁਸ਼ਕਲਾਂ ਨੂੰ ਬਾਖ਼ੂਬੀ ਉਘਾੜਿਆ ਹੈ। ਉੱਥੇ ਬੀਤੇ ਸਾਲ ਰਿਲੀਜ਼ ਹੋਈ ਫ਼ਿਲਮ ਮੌਮ ਵਿੱਚ ਸ਼੍ਰੀਦੇਵੀ ਨੇ ਅਮੀਰਜ਼ਾਦੇ ਵਿਦਿਆਰਥੀਆਂ ਦੇ ਜਬਰ ਜਨਾਹ ਦਾ ਸ਼ਿਕਾਰ ਹੋਈ ਆਰਿਆ (ਫ਼ਿਲਮ ਵਿੱਚ ਸ਼੍ਰੀਦੇਵੀ ਦੀ ਮਤਰੇਈ ਧੀ) ਨੂੰ ਇਨਸਾਫ ਦਿਵਾਉਣ ਲਈ ਕਿਸੇ ਵੀ ਹੱਦ ਤਕ ਜਾਂਦੀ ਨੂੰ ਵਿਖਾਇਆ ਗਿਆ ਹੈ। ਦੋਵਾਂ ਫ਼ਿਲਮਾਂ ਨੂੰ ਆਲੋਚਕਾਂ ਨੇ ਸਲਾਹਿਆ ਤੇ ਦਰਸ਼ਕਾਂ ਨੇ ਵੀ ਪਿਆਰ ਦਿੱਤਾ ਸੀ।