Kangana Controversy: ਪੰਜਾਬੀਆਂ ਤੇ ਕਿਸਾਨ ਅੰਦੋਲਨ ਬਾਰੇ ਉਲਟਾ-ਸਿੱਧਾ ਬੋਲ ਕੇ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਆਪਣੀ ਹੀ ਪਾਰਟੀ ਬੀਜੇਪੀ ਦੇ ਲੀਡਰਾਂ ਦੇ ਮਨੋਂ ਲਹਿ ਗਈ ਹੈ। ਪਾਰਟੀ ਦੇ ਸੀਨੀਅਰ ਲੀਡਰਾਂ ਨੇ ਕੰਗਨਾ ਰਣੌਤ ਦੇ ਬਿਆਨਾਂ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ। ਪੰਜਾਬ ਅੰਦਰ ਤਾਂ ਬੀਜੇਪੀ ਲੀਡਰ ਕੰਗਨਾ ਰਣੌਤ ਨੂੰ ਖਰੀਆਂ-ਖੋਟੀਆਂ ਸੁਣਾ ਰਹੇ ਹਨ। 



ਅੱਜ ਬੀਜੇਪੀ ਨੇਤਾ ਹਰਜੀਤ ਸਿੰਘ ਗਰੇਵਾਲ ਨੇ ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ਨਾਲ ਜੁੜੇ ਸਵਾਲ 'ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਬਣਨ ਨਾਲ ਕੋਈ ਲੀਡਰ ਨਹੀਂ ਬਣ ਜਾਂਦਾ। ਹਰ ਸੰਸਦ ਮੈਂਬਰ ਜਾਂ ਵਿਧਾਇਕ ਨੇਤਾ ਨਹੀਂ ਹੁੰਦਾ। ਕੋਈ ਇੱਕ ਦਿਨ ਵਿੱਚ ਪਾਰਟੀ ਦੀ ਵਿਚਾਰਧਾਰਾ ਨਾਲ ਨਹੀਂ ਜੁੜ ਜਾਂਦਾ।


ਹਰਜੀਤ ਗਰੇਵਾਲ ਨੇ ਕਿਹਾ ਕਿ ਮੈਂ ਪਿਛਲੇ 35 ਸਾਲਾਂ ਤੋਂ ਭਾਜਪਾ ਵਿੱਚ ਹਾਂ। ਮੈਂ ਪਹਿਲੇ ਦਿਨ ਹੀ ਕੰਗਨਾ ਦਾ ਵਿਰੋਧ ਕੀਤਾ ਸੀ। ਅਸੀਂ ਕਿਸੇ ਦੀ ਫਿਲਮ ਜਾਂ ਕਾਰੋਬਾਰ ਲਈ ਆਪਣੀ ਪਾਰਟੀ ਦੀ ਕੁਰਬਾਨੀ ਨਹੀਂ ਦੇ ਸਕਦੇ। ਇਹ ਉਨ੍ਹਾਂ ਦਾ ਕੰਮ ਹੈ ਕਿ ਉਹ ਫਿਲਮ ਬਣਾਉਣ ਜਾਂ ਨਹੀਂ। ਫਿਲਮ ਨੂੰ ਪਾਸ ਕਰਨਾ ਜਾਂ ਨਾ ਕਰਨਾ ਸੈਂਸਰ ਬੋਰਡ ਦਾ ਕੰਮ ਹੈ।



ਗਰੇਵਾਲ ਨੇ ਕਿਹਾ ਕਿ ਜੇ ਕੋਈ ਖਾਲਸਾ ਜਾਂ ਪੰਜਾਬ ਵਿਰੁੱਧ ਬੋਲੇਗਾ ਤਾਂ ਹਰ ਭਾਜਪਾ ਵਰਕਰ ਉਸ ਖਿਲਾਫ ਸਟੈਂਡ ਲਵੇਗਾ। ਇਸ ਵਿੱਚ ਕਈ ਆਪਣਾ-ਪਰਾਇਆ ਨਹੀਂ। ਇਸੇ ਲਈ ਉਨ੍ਹਾਂ ਨੇ ਪਹਿਲੇ ਦਿਨ ਹੀ ਕੰਗਨਾ ਰਣੌਤ ਦਾ ਵਿਰੋਧ ਕੀਤਾ ਸੀ। ਇਹ ਸਾਡੀ ਪਾਰਟੀ ਦੀ ਵਿਚਾਰਧਾਰਾ ਨਹੀਂ।


ਜਦੋਂ ਗਰੇਵਾਲ ਨੂੰ ਪੁੱਛਿਆ ਗਿਆ ਕਿ ਪੰਜਾਬ ਭਾਜਪਾ ਦੇ ਕਿਸੇ ਵੀ ਸੀਨੀਅਰ ਆਗੂ ਨੇ ਕੰਗਨਾ ਵਿਰੁੱਧ ਕਾਰਵਾਈ ਲਈ ਪਾਰਟੀ ਹਾਈਕਮਾਂਡ ਨੂੰ ਨਹੀਂ ਲਿਖਿਆ। ਇਸ ’ਤੇ ਗਰੇਵਾਲ ਨੇ ਕਿਹਾ ਕਿ ਉਹ ਵੀ ਪਾਰਟੀ ਦੇ ਸੀਨੀਅਰ ਆਗੂ ਹਨ। ਉਨ੍ਹਾਂ ਨੇ ਇਸ ਮਾਮਲੇ 'ਚ ਪਾਰਟੀ ਦੇ ਰਾਸ਼ਟਰੀ ਜੇਪੀ ਨੱਡਾ ਨੂੰ ਸਿੱਧੀ ਕਾਲ ਕੀਤੀ ਸੀ। ਇਸ ਤੋਂ ਬਾਅਦ ਕੰਗਨਾ ਨੂੰ ਚੇਤਾਵਨੀ ਪੱਤਰ ਜਾਰੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਉਹ ਗਲਤ ਹੁੰਦੇ ਤਾਂ ਉਨ੍ਹਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਜਾਂਦਾ।



ਉਨ੍ਹਾਂ ਨੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਧਰਨਾ ਸ਼ੁਰੂ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਇਹ ਇੱਕ ਚੰਗਾ ਕਦਮ ਹੈ। ਨਹੀਂ ਤਾਂ ਇਹ ਕਿਸਾਨ ਕੇਂਦਰ ਸਰਕਾਰ ਨੂੰ ਹੀ ਗਾਲ੍ਹਾਂ ਕੱਢਦੇ ਸਨ। ਉਨ੍ਹਾਂ ਕਿਹਾ ਜਦੋਂ ਪਹਿਲਾ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਉਸ ਸਮੇਂ ਅਸੀਂ ਕਿਸਾਨ ਦੇ ਨਾਲ ਖੜ੍ਹੇ ਸੀ।