Nushrratt Bharuccha on Israel Statement: ਇਜ਼ਰਾਈਲ ਅਤੇ ਫਿਲਸਤੀਨ ਵਿਚਾਲੇ ਚੱਲ ਰਹੀ ਜੰਗ ਵਿੱਚ ਫਸੀ ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਦੱਸ ਦੇਈਏ ਕਿ ਦੋਵਾਂ ਦੇਸ਼ਾਂ ਵਿਚਾਲੇ ਸ਼ਨੀਵਾਰ ਤੋਂ ਜੰਗ ਜਾਰੀ ਹੈ। ਅਜਿਹੇ 'ਚ ਅਭਿਨੇਤਰੀ ਨੁਸਰਤ ਉੱਥੋਂ ਨਿਕਲ ਕੇ ਵਾਪਸ ਭਾਰਤ ਪਰਤੀ। ਹਾਲਾਂਕਿ ਜਦੋਂ ਅਦਾਕਾਰਾ ਵਾਪਿਸ ਆਈ ਤਾਂ ਉਹ ਸਦਮੇ ਵਿੱਚ ਸੀ। ਇਸ ਵਾਪਸੀ ਤੋਂ ਦੋ ਦਿਨਾਂ ਬਾਅਦ ਅਦਾਕਾਰਾ ਵੱਲੋਂ ਉਸ ਖੌਫਨਾਕ ਮੰਜ਼ਰ ਨੂੰ ਇੱਕ ਪੋਸਟ ਰਾਹੀ ਬਿਆਨ ਕੀਤਾ ਗਿਆ ਹੈ।
ਦੱਸ ਦੇਈਏ ਕਿ ਨੁਸਰਤ ਭਰੂਚਾ 8 ਅਕਤੂਬਰ ਨੂੰ ਸੁਰੱਖਿਅਤ ਆਪਣੇ ਦੇਸ਼ ਭਾਰਤ ਪਰਤ ਆਈ। ਅਦਾਕਾਰਾ ਨੂੰ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਉਹ ਕਾਫੀ ਪਰੇਸ਼ਾਨ ਅਤੇ ਭਾਵੁਕ ਨਜ਼ਰ ਆਈ। ਹੁਣ ਭਾਰਤ ਆਉਣ ਦੇ ਦੋ ਦਿਨ ਬਾਅਦ ਉਸ ਨੇ ਪਹਿਲੀ ਵਾਰ ਪ੍ਰਤੀਕਿਰਿਆ ਦਿੱਤੀ ਹੈ ਅਤੇ ਆਪਣੀ ਖੌਫਨਾਕ ਕਹਾਣੀ ਸੁਣਾਈ ਹੈ। ਨੁਸਰਤ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਦੀ ਸ਼ੁਰੂਆਤ ਵਿੱਚ, ਨੁਸਰਤ ਨੇ ਇਜ਼ਰਾਈਲ ਵਿੱਚ ਫਸੇ ਹੋਣ ਦੌਰਾਨ ਆਪਣੀ ਸੁਰੱਖਿਆ ਬਾਰੇ ਚਿੰਤਾ ਜ਼ਾਹਰ ਕੀਤੀ ਅਤੇ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸਨੂੰ ਯਾਦ ਕੀਤਾ, ਉਸਨੂੰ ਸੰਦੇਸ਼ ਭੇਜੇ ਅਤੇ ਉਸਦੇ ਲਈ ਪ੍ਰਾਰਥਨਾ ਕੀਤੀ।
ਨੁਸਰਤ ਨੇ ਕਿਹਾ ਕਿ ਤੇਲ ਅਵੀਵ 'ਚ ਬੰਬ ਧਮਾਕਿਆਂ ਅਤੇ ਸਾਇਰਨ ਦੀ ਆਵਾਜ਼ ਸੁਣ ਕੇ ਉਹ ਬਹੁਤ ਪਰੇਸ਼ਾਨ ਹੋ ਗਈ ਸੀ। ਉਸ ਨੂੰ ਆਪਣੇ ਆਪ ਨੂੰ ਬਚਾਉਣ ਲਈ ਇੱਕ ਬੇਸਮੈਂਟ ਵਿੱਚ ਸ਼ਰਨ ਲੈਣੀ ਪਈ। ਉਨ੍ਹਾਂ ਕਿਹਾ ਕਿ ਭਾਰਤ ਪਰਤਣ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋ ਰਿਹਾ ਹੈ ਕਿ ਅਸੀਂ ਸਾਰੇ ਕਿੰਨੇ ਖੁਸ਼ਕਿਸਮਤ ਹਾਂ ਕਿ ਅਸੀਂ ਆਪਣੇ ਦੇਸ਼ ਵਿੱਚ ਸੁਰੱਖਿਅਤ ਹਾਂ ਅਤੇ ਸ਼ਾਂਤੀ ਨਾਲ ਰਹਿ ਰਹੇ ਹਾਂ।
ਨੁਸਰਤ ਭਰੂਚਾ ਨੇ ਬਿਆਨ ਕੀਤਾ ਖੌਫਨਾਕ ਮੰਜ਼ਰ
ਨੁਸਰਤ ਨੇ ਕਿਹਾ, 'ਮੈਂ ਵਾਪਸ ਆ ਗਈ ਹਾਂ। ਮੈਂ ਸੁਰੱਖਿਅਤ ਹਾਂ, ਠੀਕ ਹਾਂ, ਪਰ ਦੋ ਦਿਨ ਪਹਿਲਾਂ ਮੈਂ ਇੱਕ ਹੋਟਲ ਦੇ ਕਮਰੇ ਵਿੱਚ ਸੀ ਅਤੇ ਜਦੋਂ ਮੇਰੀ ਨੀਂਦ ਖੁੱਲ੍ਹੀ ਤਾਂ ਚਾਰੇ ਪਾਸੇ ਬੰਬ ਧਮਾਕਿਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਇਸ ਤੋਂ ਬਾਅਦ ਸਾਨੂੰ ਬੇਸਮੈਂਟ ਵਿੱਚ ਲਿਜਾਇਆ ਗਿਆ। ਮੈਂ ਪਹਿਲਾਂ ਕਦੇ ਵੀ ਅਜਿਹੀ ਸਥਿਤੀ ਵਿੱਚ ਨਹੀਂ ਸੀ। ਪਰ ਅੱਜ ਜਦੋਂ ਮੈਂ ਆਪਣੇ ਘਰ ਵਿੱਚ ਉੱਠੀ ਤਾਂ ਆਪਣੇ ਆਪ ਨੂੰ ਸੁਰੱਖਿਅਤ ਪਾਇਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਇਹ ਕਿੰਨੀ ਵੱਡੀ ਗੱਲ ਹੈ। ਅਸੀਂ ਇਸ ਦੇਸ਼ ਵਿੱਚ ਹੋਣ ਲਈ ਬਹੁਤ ਖੁਸ਼ਕਿਸਮਤ ਹਾਂ, ਅਸੀਂ ਸੁਰੱਖਿਅਤ ਹਾਂ।
ਇਸ ਤੋਂ ਇਲਾਵਾ ਨੁਸਰਤ ਨੇ ਆਪਣੀ ਸੁਰੱਖਿਅਤ ਭਾਰਤ ਵਾਪਸੀ ਲਈ ਭਾਰਤ ਸਰਕਾਰ, ਭਾਰਤੀ ਅਤੇ ਇਜ਼ਰਾਇਲੀ ਦੂਤਾਵਾਸਾਂ ਦਾ ਵੀ ਧੰਨਵਾਦ ਕੀਤਾ ਹੈ। ਨਾਲ ਹੀ ਆਸ ਪ੍ਰਗਟਾਈ ਕਿ ਜਲਦੀ ਹੀ ਸ਼ਾਂਤੀ ਕਾਇਮ ਹੋਵੇਗੀ।
ਨੁਸਰਤ ਭਰੂਚਾ ਇਜ਼ਰਾਈਲ ਕਿਉਂ ਗਈ ਸੀ?
ਦੱਸ ਦੇਈਏ ਕਿ ਅਦਾਕਾਰਾ 'ਹਾਇਫਾ ਇੰਟਰਨੈਸ਼ਨਲ ਫਿਲਮ ਫੈਸਟੀਵਲ' ਲਈ ਇਜ਼ਰਾਈਲ ਗਈ ਸੀ। ਇਸ ਫਿਲਮ ਫੈਸਟੀਵਲ ਲਈ ਉਸ ਦੀ ਫਿਲਮ ਅਕੇਲੀ ਦੀ ਚੋਣ ਕੀਤੀ ਗਈ ਸੀ। ਇਸ ਦੌਰਾਨ ਉੱਥੇ ਲੜਾਈ ਹੋ ਗਈ ਅਤੇ ਨੁਸਰਤ ਉੱਥੇ ਹੀ ਫਸ ਗਈ। ਫਿਰ ਉਸ ਨੂੰ ਉੱਥੋਂ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਗਿਆ।