Kangna Ranaut Film Emergency: ਹਿਮਾਚਲ ਪ੍ਰਦੇਸ਼ ਦੀ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਉਪਰ ਸੈਂਸਰ ਬੋਰਡ ਦਾ ਕੁਹਾੜਾ ਚੱਲਿਆ ਹੈ। ਫਿਲਮ ਐਮਰਜੈਂਸੀ ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਦੁਆਰਾ U/A ਸਰਟੀਫਿਕੇਟ ਤਾਂ ਦੇ ਦਿੱਤਾ ਗਿਆ ਹੈ ਪਰ ਨਾਲ ਹੀ ਕੁਝ ਸੀਨ ਡਿਲੀਟ ਕਰਨ ਦੇ ਆਦੇਸ਼ ਦਿੱਤੇ ਹਨ।


ਹਾਸਲ ਜਾਣਕਾਰੀ ਮੁਤਾਬਕ ਸੀਬੀਐਫਸੀ ਨੇ ਇਸ ਫਿਲਮ ਦੇ ਕਈ ਦ੍ਰਿਸ਼ਾਂ 'ਤੇ ਇਤਰਾਜ਼ ਜਤਾਇਆ ਹੈ, ਜਿਸ ਕਾਰਨ ਹੁਣ ਇਹ ਫਿਲਮ ਕਈ ਕੱਟਾਂ ਤੇ ਬਦਲਾਅ ਤੋਂ ਬਾਅਦ ਕੁਝ ਹਫਤਿਆਂ 'ਚ ਰਿਲੀਜ਼ ਹੋਵੇਗੀ। ਸੀਬੀਐਫਸੀ ਨੇ ਇਸ ਫਿਲਮ ਦੇ 3 ਸੀਨ ਡਿਲੀਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਫ਼ਿਲਮ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਇਸ ਵਿੱਚ 10 ਬਦਲਾਅ ਕਰਨੇ ਪੈਣਗੇ।



ਦੱਸ਼ ਦਈਏ ਕਿ ਸਿੱਖ ਜਥੇਬੰਦੀਆਂ ਨੇ ਫਿਲਮ ਨੂੰ ਲੈ ਕੇ ਇਤਰਾਜ਼ ਉਠਾਇਆ ਸੀ, ਜਿਸ ਕਾਰਨ CBFC ਨੇ ਸਰਟੀਫਿਕੇਟ ਰੋਕ ਲਿਆ ਸੀ। ਕੰਗਨਾ ਨੇ ਦੱਸਿਆ ਸੀ ਕਿ ਸਰਟੀਫਿਕੇਟ ਨਾ ਮਿਲਣ ਕਾਰਨ ਫਿਲਮ ਆਪਣੇ ਤੈਅ ਸਮੇਂ 'ਤੇ ਰਿਲੀਜ਼ ਨਹੀਂ ਹੋ ਸਕੀ। ਸੈਂਸਰ ਬੋਰਡ ਤੋਂ ਸਰਟੀਫਿਕੇਟ ਮਿਲਣ ਤੋਂ ਬਾਅਦ ਅਜੇ ਸਿੱਖ ਜਥੇਬੰਦੀਆਂ ਜਾਂ ਕੰਗਨਾ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ।


ਹਾਸਲ ਜਾਣਕਾਰੀ ਮੁਤਾਬਕ ਸੈਂਸਰ ਬੋਰਡ ਨੇ ਐਮਰਜੈਂਸੀ ਦੌਰਾਨ ਦਿਖਾਏ ਗਏ ਵਿਵਾਦਤ ਬਿਆਨਾਂ ਸਬੰਧੀ ਤੱਥ ਪੇਸ਼ ਕਰਨ ਲਈ ਕਿਹਾ ਹੈ। CBFC ਨੇ ਕਿਹਾ ਹੈ ਕਿ ਨਿਰਮਾਤਾਵਾਂ ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰਿਚਰਡ ਮਿਲਹੌਸ ਨਿਕਸਨ ਦੁਆਰਾ ਭਾਰਤੀ ਔਰਤਾਂ ਪ੍ਰਤੀ ਕੀਤੀ ਗਈ ਅਪਮਾਨਜਨਕ ਟਿੱਪਣੀ ਤੇ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੇ ਬਿਆਨ ਕਿ ਭਾਰਤੀਆਂ ਨੂੰ ਖਰਗੋਸ਼ਾਂ ਵਾਂਗ ਪ੍ਰਜਜਨ ਕਰਨ ਵਾਲੇ ਬਿਆਨ ਦੇ ਸ੍ਰੋਤ ਪੇਸ਼ ਕਰਨੇ ਹੋਣਗੇ। 



ਸੈਂਸਰ ਬੋਰਡ ਨੇ ਮਣੀਕਰਨਿਕਾ ਫਿਲਮਜ਼ ਪ੍ਰਾਈਵੇਟ ਲਿਮਟਿਡ ਨੂੰ 10 ਬਦਲਾਅ ਦੀ ਸੂਚੀ ਭੇਜੀ ਹੈ। ਇਨ੍ਹਾਂ ਵਿੱਚੋਂ ਬਹੁਤੇ ਦ੍ਰਿਸ਼ ਉਹ ਹਨ ਜਿਨ੍ਹਾਂ ’ਤੇ ਸਿੱਖ ਜਥੇਬੰਦੀਆਂ ਵੱਲੋਂ ਇਤਰਾਜ਼ ਉਠਾਇਆ ਗਿਆ ਹੈ। ਫਿਲਮ ਦੇ ਇੱਕ ਸੀਨ ਵਿੱਚ ਪਾਕਿਸਤਾਨੀ ਸੈਨਿਕਾਂ ਨੂੰ ਬੰਗਲਾਦੇਸ਼ੀ ਸ਼ਰਨਾਰਥੀਆਂ ਉੱਤੇ ਹਮਲਾ ਕਰਦੇ ਦਿਖਾਇਆ ਗਿਆ ਹੈ। ਇਸ 'ਚ ਉਨ੍ਹਾਂ ਨੂੰ ਬੱਚਿਆਂ ਤੇ ਔਰਤਾਂ 'ਤੇ ਹਮਲਾ ਕਰਦੇ ਦਿਖਾਇਆ ਗਿਆ ਹੈ। ਸੀਬੀਐਫਸੀ ਨੇ ਇਸ ਸੀਨ 'ਤੇ ਇਤਰਾਜ਼ ਪ੍ਰਗਟਾਇਆ ਹੈ। ਬੋਰਡ ਨੇ ਨਿਰਮਾਤਾਵਾਂ ਨੂੰ ਫਿਲਮ ਤੋਂ ਇਸ ਸੀਨ ਨੂੰ ਬਦਲਣ ਜਾਂ ਇਸ ਨੂੰ ਪੂਰੀ ਤਰ੍ਹਾਂ ਹਟਾਉਣ ਲਈ ਕਿਹਾ ਹੈ।