Kangana Ranaut Controversy: ਅਦਾਕਾਰਾ ਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਈ ਹੈ। ਕੰਗਨਾ ਰਣੌਤ ਨੇ ਮੀਡੀਆ ਨੂੰ ਇੱਕ ਇੰਟਰਵਿਊ ਦਿੰਦੇ ਹੋਏ ਕਿਹਾ ਕਿ ਦਿੱਲੀ ਦੇ ਕਿਸਾਨ ਅੰਦੋਲਨ ਵਿੱਚ ਬਲਾਤਕਾਰ ਤੇ ਕਤਲ ਹੋਏ ਸਨ ਤੇ ਕਿਸਾਨਾਂ ਦੇ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ। ਇਸ ਬਿਆਨ ਨੂੰ ਲੈ ਕੇ ਕੰਗਨਾ ਦੀ ਖੂਬ ਅਲੋਚਨਾ ਹੋ ਰਹੀ ਹੈ। ਪੰਜਾਬ ਦੇ ਨਾਲ ਹੀ ਹਰਿਆਣਾ ਵਿੱਚ ਵੀ ਕੰਗਨਾ ਦਾ ਖੂਬ ਵਿਰੋਧ ਹੋ ਰਿਹਾ ਹੈ।
ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਚੇਤਨ ਚੌਹਾਨ ਨੇ ਕੰਗਨਾ ਰਣੌਤ ਦੇ ਪਿਛਲੇ ਸ਼ਰਮਨਾਕ ਬਿਆਨਾਂ ਕਾਰਨ ਉਸ ਨੂੰ ਮਾਨਸਿਕ ਤੌਰ 'ਤੇ ਅਪਾਹਜ ਕਰਾਰ ਦਿੱਤਾ ਹੈ। ਚੇਤਨ ਚੌਹਾਨ ਨੇ ਕਿਹਾ ਕਿ ਕੰਗਨਾ ਰਣੌਤ ਦੀ ਗਲਤ ਬਿਆਨਬਾਜ਼ੀ ਕਰਕੇ ਹੀ ਕਿਸਾਨ ਦੀ ਬੇਟੀ ਤੇ ਪਹਿਲਾ ਕੰਸਟੇਬਲ ਕੁਲਵਿੰਦਰ ਕੌਰ ਨੇ ਥੱਪੜ ਜੜਿਆ ਸੀ।
ਉਨ੍ਹਾਂ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨ ਵਾਪਸ ਕਰਾਉਣ ਲਈ 750 ਕਿਸਾਨਾਂ ਨੇ ਸ਼ਹਾਦਤ ਦਿੱਤੀ ਸੀ। ਇਸ ਮਗਰੋਂ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਗਲਤੀ ਮੰਨ ਕੇ ਮੁਆਫੀ ਮੰਗੀ ਸੀ। ਉਸ ਅੰਦਲੋਨ ਬਾਰੇ ਘਟੀਆ ਬਿਆਨਬਾਜ਼ੀ ਕਰਕੇ ਕੰਗਨਾ ਰਣੌਤ ਨੇ ਆਪਣੀ ਹੇਠਲੇ ਪੱਧਰ ਦੀ ਸੋਚ ਦੀ ਮਿਸਾਲ ਦਿੱਤੀ ਹੈ।
ਏਆਈਸੀਸੀ ਦੇ ਸਕੱਤਰ ਚੇਤਨ ਚੌਹਾਨ ਨੇ ਕੰਗਨਾ ਰਣੌਤ ਨੂੰ ਤੁਰੰਤ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਕੰਗਨਾ ਨੇ ਦੇਸ਼ ਦੀ ਖੁਫੀਆ ਪ੍ਰਣਾਲੀ ਤੇ ਏਜੰਸੀਆਂ 'ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਕੰਗਨਾ ਰਣੌਤ ਅਜੇ ਵੀ ਫਿਲਮੀ ਦੁਨੀਆ ਤੋਂ ਬਾਹਰ ਨਹੀਂ ਨਿਕਲ ਸਕੀ। ਚੇਤਨ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਗ੍ਰਹਿ ਤੇ ਰੱਖਿਆ ਮੰਤਰੀ ਦਾ ਅਸਤੀਫਾ ਲੈਣਾ ਚਾਹੀਦਾ ਹੈ।