Web Series IC 814: The Kandahar Hijack 29 ਅਗਸਤ ਨੂੰ ਰਿਲੀਜ਼ ਹੋਣ ਤੋਂ ਬਾਅਦ ਸੁਰਖੀਆਂ ਵਿੱਚ ਹੈ। ਇਹ ਵੈਬਸੀਰੀਜ਼ ਕਰੀਬ 25 ਸਾਲ ਪਹਿਲਾਂ ਨੇਪਾਲ ਦੀ ਰਾਜਧਾਨੀ ਕਾਠਮੰਡੂ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਦੇ ਹਾਈਜੈਕ 'ਤੇ ਆਧਾਰਤ ਹੈ। 

ਹੁਣ ਇੱਕ ਵੀਡੀਓ ਕਲਿੱਪ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਵੈੱਬ ਸੀਰੀਜ਼ ਦੇ ਨਿਰਦੇਸ਼ਕ ਅਨੁਭਵ ਸਿਨ੍ਹਾ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਹਨ। ਇਸ ਦੌਰਾਨ ਉਹ ਕਹਿੰਦੇ ਹਨ, "ਅੱਤਵਾਦ ਸ਼ਬਦ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕਿਸ ਨੇ ਕੀਤੀ?" ਇਸ ਤੋਂ ਬਾਅਦ ਕੁਝ ਸਕਿੰਟਾਂ ਲਈ ਪੂਰਨ ਸੰਨਾਟਾ ਛਾ ਜਾਂਦਾ ਹੈ। ਉਹ ਆਪਣਾ ਸਵਾਲ ਦੁਹਰਾਉਂਦੇ ਹਨ ਤੇ ਫਿਰ ਕਹਿੰਦੇ ਹਨ, "ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅੱਤਵਾਦ ਦੀ ਸ਼ੁਰੂਆਤ ਮੁਸਲਮਾਨਾਂ ਨੇ ਨਹੀਂ ਕੀਤੀ ਸੀ।" 



ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿਨ੍ਹਾ ਮੁਤਾਬਕ ਅੱਤਵਾਦ ਮੁਸਲਮਾਨਾਂ ਨੇ ਨਹੀਂ ਸਗੋਂ ਹਿੰਦੂਆਂ ਨੇ ਸ਼ੁਰੂ ਕੀਤਾ ਸੀ। ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਜੈਪੁਰ ਡਾਇਲਾਗ ਨਾਮ ਦੇ ਇੱਕ ਪੇਜ ਉਪਰ ਵਾਇਰਲ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ, "ਇਹ ਤੁਹਾਡਾ ਬਾਲੀਵੁੱਡ ਹੈ! ਅੱਤਵਾਦ ਦੀ ਸ਼ੁਰੂਆਤ ਹਿੰਦੂਆਂ ਨੇ ਕੀਤੀ। ਅੱਤਵਾਦ ਦੀ ਸ਼ੁਰੂਆਤ ਮੁਸਲਮਾਨਾਂ ਨੇ ਨਹੀਂ ਕੀਤੀ।"





 


 




ਇਸ ਦਾਅਵੇ ਦੀ ਪੜਤਾਲ 
ਕੀ ਅਨੁਭਵ ਸਿਨ੍ਹਾ ਨੇ ਕਿਹਾ ਸੀ ਕਿ ਅੱਤਵਾਦ ਦੀ ਸ਼ੁਰੂਆਤ ਹਿੰਦੂਆਂ ਨੇ ਕੀਤੀ ਸੀ? ਵਾਇਰਲ ਹੋ ਰਹੀ ਕਲਿੱਪ ਵਿੱਚ ਅਨੁਭਵ ਸਿਨ੍ਹਾ ਦੇ ਨਾਲ ਅਦਾਕਾਰਾ ਤਾਪਸੀ ਪੰਨੂ ਤੇ ਦੀਪਕ ਕਪੂਰ ਨਜ਼ਰ ਆ ਰਹੇ ਹਨ। ਇਨ੍ਹਾਂ ਤਿੰਨਾਂ ਦੇ ਨਾਂ ਟਾਈਪ ਕੀਤੇ ਤੇ ਫਿਰ ਪ੍ਰੈੱਸ ਕਾਨਫਰੰਸ ਲਿਖ ਕੇ ਗੂਗਲ 'ਤੇ ਸਰਚ ਕੀਤਾ। ਕਈ ਮੀਡੀਆ ਰਿਪੋਰਟਾਂ ਮਿਲੀਆਂ, ਜਿਨ੍ਹਾਂ ਮੁਤਾਬਕ ਇਹ ਪ੍ਰੈੱਸ ਕਾਨਫਰੰਸ ਜੁਲਾਈ 2018 ਦੀ ਹੈ। ਉਸ ਸਮੇਂ ਅਨੁਭਵ ਸਿਨ੍ਹਾ ਦੀ ਫਿਲਮ 'ਮੁਲਕ' ਦਾ ਟ੍ਰੇਲਰ ਲਾਂਚ ਹੋਇਆ ਸੀ। ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਸੀ।



ਇਸ ਤੋਂ ਮਦਦ ਲੈ ਕੇ ਇਸ ਪ੍ਰੈੱਸ ਕਾਨਫਰੰਸ ਦੀ ਵੀਡੀਓ ਨੂੰ ਯੂ-ਟਿਊਬ 'ਤੇ ਸਰਚ ਕੀਤਾ। ਕਲਿੱਪ ਦਾ ਲੰਬਾ ਸੰਸਕਰਣ 'ਵਾਇਰਲ ਬਾਲੀਵੁੱਡ' ਦੇ ਚੈਨਲ 'ਤੇ ਉਪਲਬਧ ਹੈ। ਇਹ 9 ਜੁਲਾਈ, 2018 ਨੂੰ ਅਪਲੋਡ ਕੀਤਾ ਗਿਆ ਸੀ। ਇਸ 'ਚ 41 ਮਿੰਟ 45 ਸੈਕਿੰਡ 'ਤੇ ਇਕ ਵਿਅਕਤੀ ਅਨੁਭਵ ਸਿਨ੍ਹਾ ਨੂੰ ਸਵਾਲ ਪੁੱਛਦਾ ਹੈ ਕਿ ਮੁਸਲਮਾਨ ਅੱਤਵਾਦ ਨੂੰ ਕਿਉਂ ਚੁਣ ਰਹੇ ਹਨ? 


ਇਸ 'ਤੇ ਸਿਨ੍ਹਾ ਕਹਿੰਦੇ ਹਨ, "ਕੀ ਤੁਸੀਂ ਅਖਬਾਰ ਪੜ੍ਹਦੇ ਹੋ? ਟੀਵੀ ਦੇਖਦੇ ਹੋ? ਕੱਲ੍ਹ ਤੁਹਾਡੇ ਦੇਸ਼ ਦੇ ਦੋ ਮੰਤਰੀਆਂ ਨੇ ਦੰਗੇ ਕਰਨ ਵਾਲੇ ਹਿੰਦੂਆਂ ਨੂੰ ਵਧਾਈ ਦਿੱਤੀ ਸੀ। ਕੀ ਤੁਸੀਂ ਇਹ ਪੜ੍ਹਿਆ? ਸਵਾਲ ਦਾ ਜਵਾਬ ਖਤਮ।"



 
ਇਸ ਤੋਂ ਬਾਅਦ ਉਹ ਵਿਅਕਤੀ ਅਨੁਭਵ ਸਿਨ੍ਹਾ ਨੂੰ ਦੁਬਾਰਾ ਉਹੀ ਸਵਾਲ ਪੁੱਛਦਾ ਹੈ ਜਿਸ 'ਤੇ ਸਿਨ੍ਹਾ ਕਹਿੰਦੇ ਹਨ, "ਉਹ ਇਹ ਰਸਤਾ ਕਿਉਂ ਚੁਣ ਰਹੇ ਹਨ? ਇਸ ਲਈ ਥੋੜ੍ਹਾ ਜਿਹਾ ਇਤਿਹਾਸ ਪੜ੍ਹਨਾ ਪਵੇਗਾ, ਥੋੜ੍ਹਾ ਜਿਹਾ ਭੂਗੋਲ ਪੜ੍ਹਨਾ ਹੋਵੇਗਾ। ਇਸ 'ਚ ਥੋੜ੍ਹਾ ਸਮਾਂ ਲੱਗੇਗਾ। ਮੈਂ ਇਸ ਤਰ੍ਹਾਂ ਪ੍ਰੈੱਸ ਕਾਨਫਰੰਸ 'ਚ ਨਹੀਂ ਦੱਸ ਸਕਦਾ।" 


ਇਸ ਤੋਂ ਬਾਅਦ ਉਹ ਕਹਿੰਦੇ ਹਨ, "ਪਹਿਲੀ ਵਾਰ ਅੱਤਵਾਦ ਦੀ ਵਰਤੋਂ ਕਦੋਂ ਕੀਤੀ ਗਈ ਸੀ? ਦੱਸੋ ਨਾ? ਤੁਹਾਡੀ ਜਾਣਕਾਰੀ ਲਈ, ਮੈਂ ਤੁਹਾਨੂੰ ਦੱਸਦਾ ਹਾਂ ਕਿ ਅੱਤਵਾਦ ਦੀ ਸ਼ੁਰੂਆਤ ਮੁਸਲਮਾਨਾਂ ਨੇ ਨਹੀਂ ਕੀਤੀ ਸੀ। ਕੀ ਤੁਸੀਂ ਇਹ ਜਾਣਦੇ ਹੋ? ਇਤਿਹਾਸ ਪੜ੍ਹੋ।"



ਇਸ ਪੂਰੀ ਪ੍ਰੈੱਸ ਕਾਨਫਰੰਸ ਵਿੱਚ ਅਨੁਭਵ ਸਿਨ੍ਹਾ ਨੇ ਕਿਤੇ ਵੀ ਇਹ ਨਹੀਂ ਕਿਹਾ ਕਿ ਅੱਤਵਾਦ ਹਿੰਦੂਆਂ ਨੇ ਸ਼ੁਰੂ ਕੀਤਾ ਸੀ। ਇਸ ਪ੍ਰੈੱਸ ਕਾਨਫਰੰਸ ਦਾ ਵੀਡੀਓ ਕਈ ਹੋਰ ਯੂ-ਟਿਊਬ ਚੈਨਲਾਂ 'ਤੇ ਵੀ ਦੇਖਿਆ ਜਾ ਸਕਦਾ ਹੈ। ਜਿੱਥੇ ਅਨੁਭਵ ਸਿਨ੍ਹਾ ਨੇ ਕਿਤੇ ਵੀ ਇਹ ਨਹੀਂ ਕਿਹਾ ਕਿ ਅੱਤਵਾਦ ਹਿੰਦੂਆਂ ਨੇ ਸ਼ੁਰੂ ਕੀਤਾ ਸੀ।